ਹੁਸ਼ਿਆਰਪੁਰ:ਸੂਬੇ ਭਰ ਵਿੱਚ ਲੁੱਟਖੋਹ ਦੀਆਂ ਵਾਰਦਾਤਾਂ ਵਿੱਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ। ਅਜਿਹਾ ਇਕ ਹੋਰ ਮਾਮਲਾ ਹੁਸ਼ਿਆਰਪੁਰ ਦੇ ਪ੍ਰਸਿੱਧ ਵੈਦ ਡਾ. ਪਰਮਿੰਦਰਜੀਤ ਸਿੰਘ ਗਿੱਲ (ਰੂਬਲ) ਨੂੰ ਪਿੰਡ ਚੌਹਾਨ ਨਜ਼ਦੀਕ ਕੁਝ ਵਿਅਕਤੀਆਂ ਵਲੋਂ ਪਿਸਤੌਲ ਦੀ ਨੋਕ ਤੇ ਲੁੱਟਣ ਦਾ ਸਾਹਮਣੇ ਆਇਆ ਹੈ। ਲੁਟੇਰਿਆਂ ਵਲੋਂ ਵੈਦ ਤੋਂ 1 ਲੱਖ 35000 ਰੁਪਏ ਦੀ ਨਕਦੀ ਲੁੱਟੀ ਗਈ ਹੈ। ਵੀਰਵਾਰ ਨੂੰ ਹੋਈ ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਦਰ ਦੇ ਪੁਲਿਸ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ, ਜਿਨ੍ਹਾਂ ਵਲੋਂ ਵੱਖ ਵੱਖ ਪਹਿਲੂਆਂ ਨੂੰ ਆਧਾਰ ਬਣਾ ਕੇ ਅਗਲੀ ਕਾਰਵਾਈ ਕੀਤੀ ਗਈ ਹੈ।
ਘਟਨਾ ਦੀ ਜਾਣਕਾਰੀ ਦਿੰਦਿਆਂ ਪੀੜਤ ਡਾ. ਰੂਬਲ ਨੇ ਦੱਸਿਆ ਕਿ ਅੱਜ ਦੁਪਹਿਰ ਉਹ ਆਪਣੇ ਹਸਪਤਾਲ ਤੋਂ ਘਰ ਜਾ ਰਹੇ ਸੀ ਤੇ ਜਦੋਂ ਚੌਹਾਨ ਨਜ਼ਦੀਕ ਪਹੁੰਚੇ ਤਾਂ ਸੜਕ ਤੇ ਇਕ ਬਿਨਾਂ ਨੰਬਰੀ ਬਲੈਰੋ ਗੱਡੀ ਜਿਸ ਅੱਗੇ ਪੰਜਾਬ ਸਰਕਾਰ ਲਿਖਿਆ ਹੋਇਆ ਸੀ, ਨਾਲ ਖੜ੍ਹੇ ਕੁਝ ਵਿਅਕਤੀਆਂ ਵਲੋਂ ਉਨ੍ਹਾਂ ਨੂੰ ਲਾਲ ਕੱਪੜਾ ਦਿਖਾ ਕੇ ਰੋਕਣ ਦੀ ਕੋਸ਼ਸ਼ ਕੀਤੀ। ਜਦੋਂ ਉਹ ਰੁਕੇ ਤਾਂ ਗੱਡੀ ਵਿੱਚ 2 ਵਿਅਕਤੀ ਆ ਕੇ ਬੈਠ ਗਏ, ਜਿਨ੍ਹਾਂ ਵਲੋਂ ਉਨ੍ਹਾਂ 'ਤੇ ਪਿਸਤੌਲ ਤਾਣ ਦਿੱਤੀ ਤੇ ਗੱਡੀ ਵਿੱਚ ਪਈ 1 ਲੱਖ 35 ਹਜ਼ਾਰ ਦੀ ਨਕਦੀ ਲੁੱਟ ਕੀਤੀ।