ਸ਼ਹੀਦ ਬਲਦੇਵ ਰਾਜ ਦੇ ਪਰਿਵਾਰ ਦੀ ਕਹਾਣੀ ਹੁਸ਼ਿਆਰਪੁਰ: ਭਾਰਤ ਅਤੇ ਪਾਕਿਸਤਾਨ ਦੇ ਵਿੱਚਕਾਰ 1999 ਵਿੱਚ ਹੋਈ ਕਾਰਗਿਲ ਜੰਗ ਦੌਰਾਨ ਭਾਰਤੀ ਫੌਜ ਵੱਲੋਂ ਸ਼ਹੀਦ ਹੋਏ ਜਵਾਨਾਂ ਵਿੱਚੋਂ ਇੱਕ ਜਵਾਨ ਤਹਿਸੀਲ ਗੜ੍ਹਸ਼ੰਕਰ ਦੇ ਪਿੰਡ ਬਿਨੇਵਾਲ ਦਾ ਸ਼ਹੀਦ ਬਲਦੇਵ ਰਾਜ ਵੀ ਸੀ। ਈਟੀਵੀ ਭਾਰਤ ਨਾਲ ਗੱਲਬਾਤ ਦੌਰਾਨ ਸ਼ਹੀਦ ਬਲਦੇਵ ਰਾਜ ਦੇ ਪੁੱਤਰ ਧਰਮ ਸਿੰਘ ਦੱਸਿਆ ਕਿ 17 ਜੁਲਾਈ 1999 ਨੂੰ ਪਿਤਾ ਜੀ ਕਾਰਗਿਲ ਦੀ ਜੰਗ ਦੇ ਵਿੱਚ ਸ਼ਹੀਦ ਹੋਏ ਸਨ। ਜਦੋਂ ਇਹ ਖ਼ਬਰ ਪਿੰਡ ਪਹੁੰਚੀ ਸੀ ਤਾਂ ਸਾਰੇ ਪਿੰਡ ਵਿੱਚ ਮਾਤਮ ਵਰਗਾ ਮਾਹੌਲ ਬਣ ਗਿਆ ਸੀ।
ਸ਼ਹੀਦ ਬਲਦੇਵ ਰਾਜ ਦੇ ਪੁੱਤਰ ਧਰਮ ਸਿੰਘ ਨੇ ਦੱਸਿਆ ਕਿ ਓਸ ਵੇਲੇ ਸਰਕਾਰਾਂ ਨੇ ਜੋ ਵਾਅਦੇ ਪਰਿਵਾਰ ਨਾਲ ਕੀਤੇ ਸਨ, ਉਨ੍ਹਾਂ ਵਿੱਚੋਂ ਬਹੁ਼ਤੇ ਅਜੇ ਤੱਕ ਪੂਰੇ ਨਹੀਂ ਕੀਤੇ ਗਏ। ਉਨ੍ਹਾਂ ਦੱਸਿਆ ਕਿ ਊਸ ਸਮੇਂ ਪੰਜਾਬ ਸਰਕਾਰ ਨੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਪਰਿਵਾਰ ਨੂੰ ਪੈਟਰੋਲ ਪੰਪ ਜਾ ਗੈਸ ਏਜੰਸੀ ਦੇਣ ਦੀ ਗੱਲ ਕਹੀ ਸੀ। ਰੋਸ ਜ਼ਾਹਰ ਕਰਦਿਆਂ ਉਨ੍ਹਾਂ ਕਿਹਾ ਕਿ ਨਾ ਤਾਂ ਉਨ੍ਹਾਂ ਦੇ ਪਰਿਵਾਰ ਵਿੱਚੋਂ ਕਿਸੇ ਨੂੰ ਨੌਕਰੀ ਦਿੱਤੀ ਗਈ ਤੇ ਨਾ ਹੀ ਕੋਈ ਹੋਰ ਸਹੂਲਤ।
ਪਰਿਵਾਰ ਵੱਲੋਂ ਪੈਟਰੋਲ ਪੰਪ ਅਤੇ ਗੈਸ ਏਜੇਂਸੀ ਲਈ ਅਪਲਾਈ ਕੀਤਾ ਗਿਆ ਤਾਂ ਸ਼ਹੀਦ ਬਲਦੇਵ ਰਾਜ ਦੀ ਪਤਨੀ ਸੌਮਾ ਦੇਵੀ ਦੇ ਅਨਪੜ੍ਹ ਹੋਣ ਦੀ ਗੱਲ ਕਹਿ ਕੇ ਮੰਜੂਰੀ ਨਹੀਂ ਦਿੱਤੀ ਗਈ।
ਸ਼ਹੀਦ ਦੇ ਨਾਮ ਉੱਤੇ ਸਰਕਾਰੀ ਸਕੂਲ ਦਾ ਨਾਂਅ : ਧਰਮ ਸਿੰਘ ਨੇ ਦੱਸਿਆ ਕਿ ਬਲਦੇਵ ਰਾਜ ਦੇ ਸ਼ਹੀਦ ਹੋਣ ਤੋਂ ਬਾਅਦ ਕੇਂਦਰ ਸਰਕਾਰ ਵਲੋਂ ਮੁਆਵਜ਼ਾ ਦਿੱਤਾ ਗਿਆ, ਪਰ ਜਿਹੜੀਆਂ ਸੁਵਿਧਾਵਾਂ ਦੇਣ ਦੀ ਗੱਲ ਕਹੀ ਗਈ ਸੀ, ਉਹ ਨਹੀਂ ਦਿਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਸ਼ਹੀਦ ਬਲਦੇਵ ਰਾਜ ਜੀ ਦੇ ਨਾਂਅ 'ਤੇ ਸਰਕਾਰੀ ਸਕੂਲ ਦਾ ਨਾਂ ਸੰਨ 2000 ਵਿੱਚ ਕਾਗਜਾਂ 'ਚ ਮੰਨਜੂਰ ਕਰ ਦਿੱਤਾ ਗਿਆ ਸੀ। ਪਰ ਸਰਕਾਰ ਦੀ ਅਣਗਹਿਲੀ ਅਤੇ ਕੁੱਝ ਹੋਰ ਕਾਰਣਾਂ ਕਰਕੇ ਇਸ ਨੂੰ ਅਮਲੀ ਜਾਮਾ ਪਹਿਨਾਉਣ ਲਈ ਵੱਡਾ ਸੰਘਰਸ਼ ਲੜਨਾ ਪਿਆ ਅਤੇ ਸਾਲ 2021 ਵਿੱਚ ਪਿੰਡ ਦੇ ਸਰਕਾਰੀ ਸਕੂਲ ਦਾ ਨਾਂ ਸ਼ਹੀਦ ਬਲਦੇਵ ਰਾਜ ਹੁਰਾਂ ਦੇ ਨਾਂ ’ਤੇ ਰੱਖਿਆ ਗਿਆ।
ਸਰਕਾਰ ਨੇ ਨਹੀਂ ਲਈ ਸਾਰ: ਪਰਿਵਾਰਿਕ ਮੈਂਬਰ ਦੱਸਦੇ ਹਨ ਕਿ ਸ਼ਹੀਦ ਬਲਦੇਵ ਰਾਜ ਦੇ ਨਾਂਅ 'ਤੇ ਪਿੰਡ ਦੇ ਮਾਰਗ ਦਾ ਨਾਮ ਰੱਖ ਦਿੱਤਾ ਗਿਆ, ਪਰ ਸੜਕ ਦੀ ਸਰਕਾਰ ਨੇ ਕੱਦੇ ਸਾਰ ਨਹੀਂ ਲਈ। ਸ਼ਹੀਦ ਦੇ ਪਰਿਵਾਰ ਨੇ ਦੱਸਿਆ ਕਿ ਉਹ ਆਪਣੇ ਪੱਧਰ ਤੇ ਸ਼ਹੀਦ ਦਾ 17 ਜੁਲਾਈ ਨੂੰ ਸ਼ਹੀਦੀ ਦਿਵਸ ਮਨਾਉਂਦੇ ਹਨ, ਪਰ ਪੰਜਾਬ ਸਰਕਾਰ ਜਾਂ ਪ੍ਰਸ਼ਾਸਨ ਵਲੋਂ ਕੱਦੇ ਵੀ ਕੋਈ ਪਹਿਲ ਨਹੀਂ ਕੀਤੀ ਗਈ।