ਹੁਸ਼ਿਆਰਪੁਰ: ਸਾਲ 1999 'ਚ ਭਾਰਤ ਪਾਕਿਸਤਾਨ ਦੀ ਕਾਰਗਿਲ ਜੰਗ 'ਚ ਪੰਜਾਬ ਦੀਆਂ ਅਨੇਕਾਂ ਹੀ ਮਾਵਾਂ ਨੇ ਆਪਣੇ ਪੁੱਤ ਦੇਸ਼ ਦੀ ਸੇਵਾ ਲਈ ਕੁਰਬਾਨ ਕਰ ਦਿੱਤੇ। ਇਨ੍ਹਾਂ ਸ਼ਹੀਦ ਹੋਏ ਸਿੱਖ ਰੈਜੀਮੈਂਟ ਦੇ ਜਵਾਨਾਂ 'ਚ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦਾ ਨਾਂਅ ਸਭ ਤੋਂ ਉੱਪਰ ਹੈ, ਜਿੱਥੋਂ ਦੇ ਕਰੀਬ 13 ਜਵਾਨ ਪਾਕਿਸਤਾਨ ਨਾਲ ਧਰਤੀ ਮਾਤਾ ਖਾਤਰ ਲੋਹਾ ਲੈਂਦੇ ਸ਼ਹੀਦ ਹੋ ਗਏ ਜਿਨ੍ਹਾਂ ਨੂੰ ਅੱਜ ਵੀ ਉਨ੍ਹਾਂ ਦੀਆਂ ਸ਼ਹੀਦੀਆਂ ਲਈ ਦੇਸ਼ ਵਿੱਚ ਯਾਦ ਕੀਤਾ ਜਾਂਦਾ ਹੈ।
ਇਨ੍ਹਾਂ ਅਮਰ ਸ਼ਹੀਦਾਂ ਦੀ ਸੂਚੀ 'ਚ ਆਪਣਾ ਨਾਂਅ ਦਰਜ ਕਰਵਾਇਆ ਪਿੰਡ ਰਾਰਾ ਦੇ ਜਵਾਨ ਅੱਠ ਸਿੱਖ ਰੈਜ਼ੀਮੈਂਟ ਦੇ ਸ਼ਹੀਦ ਰਣਜੀਤ ਸਿੰਘ ਹਨ ਜਿਨ੍ਹਾਂ ਮਹਿਜ਼ 29 ਸਾਲ ਦੀ ਉਮਰ 'ਚ ਦੇਸ਼ ਖਾਤਰ ਆਪਣੀ ਜਾਨ ਨਿਛਾਵਰ ਕਰ ਦਿੱਤੀ।
ਸ਼ਹੀਦ ਰਣਜੀਤ ਸਿੰਘ ਦੀ ਪਤਨੀ ਦਲਜੀਤ ਕੌਰ ਮੁਤਾਬਕ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਉਨ੍ਹਾਂ ਘਰ ਕਦੇ ਅਜਿਹੀ ਖ਼ਬਰ ਆਵੇਗੀ ਜੋ ਉਨ੍ਹਾਂ ਦਾ ਵਿਹੜਾ ਸੁੰਨਾ ਕਰ ਦੇਵੇਗੀ। ਰਣਜੀਤ ਸਿੰਘ ਘਰ ਤੋਂ ਪਠਾਨਕੋਟ ਲਈ ਗਏ ਸਨ ਪਰ ਬਾਅਦ ਵਿੱਚ ਉਨ੍ਹਾਂ ਨੂੰ ਕਾਰਗਿੱਲ ਭੇਜ ਦਿੱਤਾ ਗਿਆ ਜਿਸ ਮਗਰੋਂ ਉਨ੍ਹਾਂ ਦੇ ਸ਼ਹੀਦ ਹੋਣ ਦੀ ਖਬਰ ਹੀ ਘਰ ਪਹੁੰਚੀ। ਰਣਜੀਤ ਸਿੰਘ ਦੀ ਪਤਨੀ ਦਲਜੀਤ ਕੌਰ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਹਮੇਸਾਂ ਹੀ ਆਪਣੇ ਪਤੀ ਦੀ ਕਮੀ ਖੱਲਦੀ ਰਹੇਗੀ।