ਚੰਡੀਗੜ੍ਹ ਡੈਸਕ: ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਅੱਜ ਬੁੱਧਵਾਰ ਨੂੰ ਹੁਸ਼ਿਆਰਪੁਰ ਪਹੁੰਚੇ ਹਨ। ਇੱਥੇ ਉਹ ਕੇਂਦਰ ਵਿੱਚ ਭਾਜਪਾ ਸਰਕਾਰ ਦੇ 9 ਸਾਲ ਪੂਰੇ ਹੋਣ 'ਤੇ ਸ਼ਕਤੀ ਪ੍ਰਦਰਸ਼ਨ ਵਜੋਂ ਇਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰ ਰਹੇ ਹਨ। ਇਸ ਦੌਰਾਨ ਉਹ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਾ ਰਹੇ ਹਨ। ਇਸ ਦੇ ਨਾਲ ਹੀ 18 ਜੂਨ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਆਪਣੇ ਗੁਰਦਾਸਪੁਰ ਦੌਰੇ ਦੌਰਾਨ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਨਗੇ। ਕੇਂਦਰ ਸਰਕਾਰ ਦੇ 9 ਸਾਲ ਪੂਰੇ ਹੋਣ 'ਤੇ ਹਰ ਸੂਬੇ 'ਚ ਪ੍ਰੋਗਰਾਮ ਕਰਵਾ ਕੇ ਭਾਜਪਾ ਸਰਕਾਰ ਦੀਆਂ ਪ੍ਰਾਪਤੀਆਂ ਅਤੇ ਯੋਜਨਾਵਾਂ ਗਿਣਾਉਂਦੇ ਹੋਏ ਉਨ੍ਹਾਂ ਨੂੰ ਹਰ ਘਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਲਈ ਸਾਰੇ ਸੂਬਿਆਂ ਵਿੱਚ ਕਲੱਸਟਰ ਬਣਾਏ ਗਏ ਹਨ। ਇਨ੍ਹਾਂ ਵਿੱਚ ਸਥਾਨਕ ਆਗੂਆਂ ਸਮੇਤ 3-4 ਕੇਂਦਰੀ ਮੰਤਰੀ ਵੀ ਸ਼ਾਮਲ ਹਨ। ਦਰਅਸਲ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਭਾਜਪਾ ਵੱਲੋਂ ਪਹਿਲਾਂ ਹੀ ਜਨ ਸੰਪਰਕ ਸ਼ੁਰੂ ਕਰ ਦਿੱਤਾ ਗਿਆ ਹੈ।
ਬੀਤੀ ਰਾਤ ਤਿਆਰੀਆਂ ਉਤੇ ਫਿਰਿਆ ਪਾਣੀ :ਜੇਪੀ ਨੱਢਾ ਦੀ ਹੁਸ਼ਿਆਰਪੁਰ ਆਮਦ ਨੂੰ ਲੈ ਕੇ ਰੌਸ਼ਨ ਗਰਾਊਂਡ ਵਿੱਚ ਤਿਆਰੀਆਂ ਕੀਤੀਆਂ ਗਈਆਂ ਸਨ, ਸਟੇਜ ਲਗਾਈ ਗਈ ਸੀ, ਪਰ ਰਾਤ ਵਰ੍ਹੇ ਮੀਂਹ ਤੇ ਝੱਖੜ ਕਾਰਨ ਸਾਰੀਆਂ ਤਿਆਰੀਆਂ ਤਹਿਸ ਨਹਿਸ ਹੋ ਗਈਆਂ। 2 ਵਜੇ ਤਕ ਦੁਬਾਰਾ ਉਸੇ ਤਰ੍ਹਾਂ ਦੀਆਂ ਤਿਆਰੀਆਂ ਕਰਨੀਆਂ ਵੀ ਪਾਰਟੀ ਲਈ ਇਕ ਚੁਣੌਤੀ ਹੈ। ਹਾਲਾਂਕਿ ਕਿਆਸ ਇਹ ਵੀ ਲਾਏ ਜਾ ਰਹੇ ਹਨ ਕਿ ਇਹ ਰੈਲੀ ਮੁਲਤਵੀ ਵੀ ਹੋ ਸਕਦੀ ਹੈ।