ਹੁਸ਼ਿਆਰਪੁਰ:ਇਕ ਅਨੌਖਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਨਿੱਜੀ ਹਸਪਤਾਲ ਵੱਲੋਂ ਇਕ ਸ਼ਖਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ, ਜਦਕਿ ਉਸ ਸ਼ਖਸ ਦੀ ਹਲਚਲ ਦੇਖਦਿਆਂ ਪਰਿਵਾਰ ਉਸ ਨੂੰ ਤੁਰੰਤ ਪੀਜੀਆਈ ਲੈ ਗਿਆ, ਜਿਥੇ ਉਹ ਸ਼ਖਸ ਜ਼ਿੰਦਾ ਹੋ ਗਿਆ। ਦਰਅਸਲ ਹੁਸ਼ਿਆਰਪੁਰ ਦੇ ਪਿੰਡ ਰਾਮ ਕਾਲੋਨੀ ਕੈਂਪ ਵਿਖੇ ਪਿੰਡ ਨੰਗਲ ਸ਼ਹੀਦ ਦੇ ਰਹਿਣ ਵਾਲੇ ਬਹਾਦਰ ਸਿੰਘ ਨੂੰ ਸਾਹ ਦੀ ਦਿੱਕਤ ਸੀ ਤੇ ਖਾਂਸੀ ਜ਼ਿਆਦਾ ਆਉਣ ਕਾਰਨ ਪਰਿਵਾਰ ਉਸ ਨੂੰ IVY ਹਸਪਤਾਲ ਵਿਖੇ ਲਿਆਂਦਾ ਗਿਆ।
ਡਾਕਟਰਾਂ ਵੱਲੋਂ ਤਿੰਨ ਤੋਂ ਚਾਰ ਘੰਟੇ ਇਲਾਜ ਕਰਨ ਤੋਂ ਬਾਅਦ ਬਹਾਦਰ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਡਾਕਟਰਾਂ ਵੱਲੋਂ ਪਰਿਵਾਰ ਨੂੰ ਬਿੱਲ ਜਮ੍ਹਾਂ ਕਰਵਾ ਕੇ ਮ੍ਰਿਤਕ ਦੇਹ ਲਿਜਾਣ ਲਈ ਕਿਹਾ ਗਿਆ, ਜਦੋਂ ਪਰਿਵਾਰ ਨੇ ਬਹਾਦਰ ਸਿੰਘ ਨੂੰ ਬਾਹਰ ਲਿਆਂਦਾ ਤਾਂ ਉਸ ਦੀ ਕੁਝ ਹਲਚਲ ਹੋਈ, ਇਸ ਉਤੇ ਪਰਿਵਾਰ ਤੁਰੰਤ ਉਸ ਨੂੰ ਪੀਜੀਆਈ ਵਿਖੇ ਲੈ ਗਿਆ। ਪੀਜੀਆਈ ਪਹੁੰਚਦਿਆਂ ਹੀ ਉਥੇ ਮੌਜੂਦ ਡਾਕਟਰਾਂ ਵੱਲੋਂ ਉਸ ਦੀ ਜਾਂਚ ਕੀਤੀ ਗਈ, ਤੇ ਕੁਝ ਸਮੇਂ ਬਾਅਦ ਹੀ ਬਹਾਦਰ ਸਿੰਘ ਨੂੰ ਹੋਸ਼ ਆ ਗਈ। ਪਰਿਵਾਰ ਵੱਲੋਂ ਹੁਣ ਆਈਵੀਵਾਈ ਹਸਪਤਾਲ ਦੇ ਬਾਹਰ ਪੱਕੇ ਤੌਰ ਉਤੇ ਧਰਨਾ ਲਾਇਆ ਗਿਆ ਹੈ ਤੇ ਹਸਪਤਾਲ ਦਾ ਲਾਈਸੈਂਸ ਰੱਦ ਕਰਨ ਦੀ ਮੰਗ ਕਰ ਰਿਹਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਧਰਨੇ ਵਿਚ ਹਸਪਤਾਲ ਵੱਲੋਂ ਮ੍ਰਿਤਕ ਐਲਾਨਿਆ ਗਿਆ ਸ਼ਖਸ ਵੀ ਮੌਜੂਦ ਹੈ।