ਸੁਸਾਇਡ ਨੋਟ ਨੇ ਕੀਤਾ ਮਾਮਲੇ ਦਾ ਖੁਲਾਸਾ ਹੁਸ਼ਿਆਰਪੁਰ: ਮੁਹੱਲਾ ਸਲਵਾੜਾ ਦੇ ਰਹਿਣ ਵਾਲੇ ਇਕ ਨੌਜਵਾਨ ਨੇ ਆਪਣੀ ਪਤਨੀ ਤੋਂ ਤੰਗ ਆ ਕੇ ਜਹਿ਼ਰੀਲੀ ਚੀਜ਼ ਨਿਗਲ ਲਈ ਅਤੇ ਇਲਾਜ ਦੌਰਾਨ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਦੀਪਕ ਵਾਸੀ ਸਲਵਾੜਾ ਵਜੋਂ ਹੋਈ ਹੈ। ਘਟਨਾ ਤੋਂ ਬਾਅਦ ਪੁਲਿਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ ਉੱਤੇ 5 ਵਿਅਕਤੀਆਂ ਨੂੰ ਨਾਮਜ਼ਦ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਤਨੀ ਨਾਲ ਕਲੇਸ਼: ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅੱਜ ਤੋਂ ਕਰੀਬ 4 ਸਾਲ ਪਹਿਲਾਂ ਦੀਪਕ ਦਾ ਵਿਆਹ ਦਿੱਲੀ ਦੀ ਰਹਿਣ ਵਾਲੀ ਇਕ ਲੜਕੀ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਘਰ ਵਿੱਚ ਇਕ ਪੁੱਤਰ ਨੇ ਜਨਮ ਲਿਆ ਸੀ। ਉਨ੍ਹਾਂ ਦੱਸਿਆ ਕਿ ਦੀਪਕ ਦੀ ਪਤਨੀ ਅਕਸਰ 10 ਦਿਨ ਬਾਅਦ ਦਿੱਲੀ ਆਉਂਦੀ ਜਾਂਦੀ ਰਹਿੰਦੀ ਸੀ ਅਤੇ ਕਈ ਵਾਰ ਘਰ ਵਿੱਚ ਲੜਾਈ ਕਰਕੇ ਵੀ ਚਲੀ ਜਾਂਦੀ ਸੀ ਪਰ ਫਿਰ ਵਾਪਿਸ ਆ ਜਾਂਦੀ ਸੀ।
ਨਾਜਾਇਜ਼ ਸਬੰਧ:ਉਨ੍ਹਾਂ ਦੱਸਿਆ ਕਿ ਉਸਦੀ ਘਰਵਾਲੀ ਨੂੰ ਟੀਵੀ ਦੀ ਬਿਮਾਰੀ ਸੀ ਜੋ ਕਿ ਉਨ੍ਹਾਂ ਨੂੰ ਵਿਆਹ ਤੋਂ ਬਾਅਦ ਹੀ ਪਤਾ ਲੱਗੀ ਸੀ। ਉਨ੍ਹਾਂ ਦੱਸਿਆ ਕਿ ਕਈ ਵਾਰ ਮ੍ਰਿਤਕ ਦੀਪਕ ਦੀ ਪਤਨੀ ਅਤੇ ਉਸ ਦੇ ਸਹੁਰਾ ਪਰਿਵਾਰ ਵੱਲੋਂ ਝੂਠੀਆਂ ਸਿ਼ਕਾਇਤਾਂ ਦੇ ਕੇ ਦੀਪਕ ਨੂੰ ਜ਼ਲੀਲ ਵੀ ਕੀਤਾ ਗਿਆ ਸੀ ਅਤੇ ਦੀਪਕ ਵੱਲੋਂ ਵੀ ਕਈ ਵਾਰ ਪੁਲਿਸ ਨੂੰ ਸਿ਼ਕਾਇਤਾਂ ਦਿੱਤੀਆਂ ਗਈਆਂ ਪਰ ਪੁਲਿਸ ਦੀਪਕ ਦੀ ਸ਼ਿਕਾਇਤ ਉੱਤੇ ਕੋਈ ਵੀ ਕਾਰਵਾਈ ਨਹੀਂ ਕਰਦੀ ਸੀ। ਉਨ੍ਹਾਂ ਦੱਸਿਆ ਕਿ ਦੀਪਕ ਦੀ ਪਤਨੀ ਦੇ ਦਿੱਲੀ ਵਿੱਚ ਹੀ ਸ਼ੁਭਮ ਨਾਮ ਦੇ ਇਕ ਵਿਅਕਤੀ ਨਾਲ ਨਾਜਾਇਜ਼ ਸਬੰਧ ਸਨ ਅਤੇ ਦੀਪਕ ਦੀ ਪਤਨੀ, ਸੱਸ ਸਹੁਰਾ ਅਤੇ ਸ਼ੁਭਮ ਵੱਲੋਂ ਲਗਾਤਾਰ ਦੀਪਕ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ, ਜਿਸ ਤੋਂ ਦੁਖੀ ਹੋ ਕੇ ਦੀਪਕ ਨੇ ਜ਼ਹਿਰੀਲੀ ਚੀਜ਼ ਨਿਗਲ ਲਈ ਅਤੇ ਉਸਦੀ ਮੌਤ ਹੋ ਗਈ।
ਸੁਸਾਇਡ ਨੋਟ:ਮੌਤ ਤੋਂ ਬਾਅਦ ਦੀਪਕ ਦਾ ਇੱਕ ਸੁਸਾਇਡ ਨੋਟ ਵੀ ਮਿਲਿਆ ਹੈ ਜਿਸ ਵਿੱਚ ਉਸ ਨੇ ਇਨਸਾਫ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਦੀਪਕ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਸ ਨੂੰ ਉਸਦੀ ਪਤਨੀ ਨੇ ਇੱਥੇ ਆ ਕੇ ਜ਼ਹਿਰ ਦਿੱਤਾ ਹੈ ਅਤੇ ਮਰਨ ਲਈ ਕਿਹਾ ਹੈ। ਦੂਜੇ ਪਾਸੇ ਥਾਣਾ ਮਾਡਲ ਟਾਊਨ ਦੇ ਐਸਐਚਓ ਕਰਨੈਲ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਵਲੋਂ ਦੀਪਕ ਦੀ ਪਤਨੀ, ਸੱਸ, ਸਹੁਰਾ ਅਤੇ ਸ਼ੁਭਮ ਖਿਲਾਫ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।