ਹੁਸ਼ਿਆਰਪੁਰ:ਪਹਾੜੀ ਖਿੱਤੇ ਦੇ ਪਿੰਡ ਸਾਰੰਗਵਾਲ ਵਿਖੇ ਮਾਹੌਲ ਉਸ ਸਮੇਂ ਗਰਮਾ ਗਿਆ ਜਦੋਂ ਵਿਆਹ ਕਰਵਾਉਣ ਆਏ ਲਾੜੇ ਦੇ ਇੱਕ ਵਿਆਹੁਤਾ ਨਾਲ ਪ੍ਰੇਮ ਸਬੰਧਾਂ ਦਾ ਭੇਦ ਲਾੜੇ ਦੀ ਪ੍ਰੇਮਿਕਾ ਦੇ ਪਤੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਮੌਕੇ 'ਤੇ ਹੀ ਆ ਕੇ ਖੋਲ੍ਹ ਦਿੱਤਾ। ਪੰਜ ਘੰਟੇ ਚੱਲੇ ਹਾਈ ਵੋਲਟੇਜ ਡਰਾਮੇ ਤੋਂ ਬਾਅਦ ਪ੍ਰੇਮਿਕਾ ਦੇ ਪਤੀ ਨੇ ਪ੍ਰੇਮ ਸਬੰਧਾਂ ਦੇ ਸਬੂਤ ਅਤੇ ਥਾਣਿਆਂ ਵਿੱਚ ਹੋਏ ਰਾਜੀਨਾਮੇ ਲੜਕੀ ਵਾਲਿਆਂ ਅਤੇ ਪਿੰਡ ਦੀ ਪੰਚਾਇਤ ਸਾਹਮਣੇ ਰੱਖ ਦਿੱਤੇ ਜਿਸ ਤੋਂ ਬਾਅਦ ਪਿੰਡ ਵਾਲਿਆਂ ਨੇ ਲਾੜੇ ਅਤੇ ਉਸ ਦੇ ਪਰਿਵਾਰ ਨੂੰ ਇੱਕ ਕਮਰੇ ਵਿਚ ਬੰਦੀ ਬਣਾ ਲਿਆ। ਆਖਿਰ ਪੰਜ ਘੰਟੇ ਬਾਅਦ ਲਾੜੇ ਨੇ ਆਪਣੀ ਗਲਤੀ ਮੰਨਦੇ ਹੋਏ ਲਿਖ਼ਤੀ ਮੁਆਫ਼ੀਨਾਮਾ ਲਿਖ਼ ਕੇ ਆਪਣੀ ਜਾਨ ਛੁਡਾਈ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਸਾਰੰਗਵਾਲ ਵਿਚ ਚੱਲੇ ਰਹੇ ਇੱਕ ਵਿਆਹ ਸਮਾਗਮ ਵਿਚ ਜੈ ਮਾਲਾ ਅਤੇ ਮਿਲਣੀਆਂ ਤੋਂ ਬਾਅਦ ਅਚਾਨਕ ਹੀ ਪਹੁੰਚੇ ਕੁੱਝ ਵਿਅਕਤੀਆਂ ਨੇ ਜਦੋਂ ਲਾੜੇ ਦੀਆਂ ਕਰਤੂਤਾਂ ਦਾ ਪਰਦਾਫ਼ਾਸ਼ ਕੀਤਾ ਤਾਂ ਪਹਿਲਾਂ ਪਿੰਡ ਵਾਲੇ ਕਰਤੂਤਾਂ ਦੱਸਣ ਵਾਲਿਆਂ ਦੇ ਹੀ ਪਿੱਛੇ ਪੈ ਗਏ ਪਰੰਤੂ ਜਦੋਂ ਪੀੜਤ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਸ ਦਾ ਵਿਆਹ 2007 ਵਿਚ ਹੋਇਆ ਸੀ ਅਤੇ ਉਸ ਦੇ ਦੋ ਬੱਚੇ ਹਨ। ਉਨ੍ਹਾਂ ਦੱਸਿਆ ਕਿ ਉਹ ਦੁਬਈ ਰਹਿੰਦਾ ਹੈ ਅਤੇ ਤਿੰਨ ਕੁ ਸਾਲ ਪਹਿਲਾਂ ਉਸ ਦੀ ਮਾਤਾ ਜਦੋਂ ਬਿਮਾਰ ਹੋਈ ਤਾਂ ਉਹ ਪੰਜਾਬ ਆਇਆ ਅਤੇ ਜਦੋਂ ਉਹ ਵਾਪਿਸ ਦੁਬਈ ਗਿਆ ਤਾਂ ਉਸ ਦੇ ਫ਼ੋਨ ਵਿਚ ਉਸ ਦੀ ਪਤਨੀ ਅਤੇ ਪ੍ਰੇਮੀ ਦੀਆਂ ਗੱਲਾਂ ਅਤੇ ਕਾਲ ਰਿਕਾਰਡਿੰਗ ਸੁਣ ਲਈ ਜਿਸ ਤੋਂ ਉਸ ਨੂੰ ਪਤਾ ਲੱਗਾ ਕਿ ਉਸ ਦੀ ਪਤਨੀ ਦੇ ਵਿਆਹ ਕਰਵਾਉਣ ਜਾ ਰਹੇ ਲਾੜੇ ਨਾਲ ਨਾਜਾਇਜ਼ ਸਬੰਧ ਹਨ।