ਹੁਸ਼ਿਆਰਪੁਰ: ਜੇਕਰ ਹੌਂਸਲੇ ਬੁਲੰਦ ਹੋਣ ਅਤੇ ਸੁਪਨਿਆਂ ਨੂੰ ਸਾਕਾਰ ਕਰਨ ਦੀ ਚਾਹ ਹੋਵੇ ਤਾਂ ਮੰਜ਼ਿਲ ਮਿਲ ਹੀ ਜਾਂਦੀ ਹੈ। ਇਸ ਗੱਲ ਨੂੰ ਸਾਬਿਤ ਕਰ ਦਿੱਤਾ ਹੈ ਸਰੀਰਕ ਤੌਰ 'ਤੇ ਦਿਵਿਆਂਗ ਤੇ ਦਿੱਲੀ ਯੂਨੀਵਰਸਿਟੀ ਦੇ ਲੇਡੀ ਸ੍ਰੀਰਾਮ ਕਾਲਜ 'ਚ ਪੜ੍ਹਾਈ ਕਰ ਰਹੀ ਹੁਸ਼ਿਆਰਪੁਰ ਦੇ ਮੁਹੱਲਾ ਗੌਤਮ ਨਗਰ ਦੀ ਪ੍ਰਤਿਸ਼ਠਾ ਨੇ, ਜਿਸ ਦੀ ਚੋਣ ਆਕਸਫੋਰਡ ਯੂਨੀਵਰਸਿਟੀ 'ਚ ਪਬਲਿਕ ਪਾਲਿਸੀ 'ਚ ਮਾਸਟਰ ਡਿਗਰੀ ਲਈ ਹੋਈ ਹੈ।
ਆਕਸਫੋਰਡ ਯੂਨੀਵਰਸਿਟੀ 'ਚ ਦਾਖਲਾ ਲੈਣ ਵਾਲੀ ਭਾਰਤ ਦੀ ਪਹਿਲੀ ਦਿਵਿਆਂਗ ਵਿਦਿਆਰਥਣ ਬਣੀ ਹੁਸ਼ਿਆਰਪੁਰ ਦੀ ਪ੍ਰਤਿਸ਼ਠਾ ਜ਼ਿਕਰਯੋਗ ਹੈ ਕਿ 13 ਸਾਲ ਦੀ ਉਮਰ 'ਚ ਪ੍ਰਤਿਸ਼ਠਾ ਦਾ ਹੁਸ਼ਿਆਰਪੁਰ ਤੋਂ ਚੰਡੀਗੜ੍ਹ ਜਾਂਦੇ ਸਮੇਂ ਐਕਸੀਡੈਂਟ ਹੋ ਗਿਆ ਸੀ। ਇਸ ਦੌਰਾਨ ਉਸ ਦੀ ਹਾਲਤ ਇੰਨੀ ਨਾਜ਼ੁਕ ਸੀ ਕਿ ਡਾਕਟਰਾਂ ਨੇ ਉਸ ਦਾ ਆਪ੍ਰੇਸ਼ਨ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ, ਬੜੀ ਮੁਸ਼ਕਿਲ ਨਾਲ ਕੀਤੇ ਆਪ੍ਰੇਸ਼ਨ ਤੋਂ ਬਾਅਦ ਉਸ ਦੀ ਜਾਨ ਤਾਂ ਬਚ ਗਈ ਪਰ ਉਸ ਦੀ ਰੀੜ੍ਹ ਦੀ ਹੱਡੀ 'ਚ ਸੱਟ ਲੱਗਣ ਕਾਰਨ ਉਹ ਪੈਰਾਲਾਈਜ਼ਡ ਹੋ ਗਈ ਸੀ।
ਇਸ ਮੌਕੇ ਗੱਲਬਾਤ ਦੌਰਾਨ ਪ੍ਰਤਿਸ਼ਠਾ ਦੇਵੇਸ਼ਵਰ ਨੇ ਦੱਸਿਆ ਕਿ 3 ਸਾਲ ਬੈੱਡ 'ਤੇ ਰਹਿੰਦੇ ਹੋਏ ਉਸ ਨੇ ਹੋਮ-ਸਕੂਲਿੰਗ ਰਾਹੀਂ ਪੜ੍ਹਾਈ ਜਾਰੀ ਰੱਖੀ ਅਤੇ ਉਸ ਨੇ 10ਵੀਂ ਤੇ 12ਵੀਂ ਦੀ ਜਮਾਤ ਦੇ ਨਤੀਜਿਆਂ 'ਚ 90-90 ਫ਼ੀਸਦੀ ਅੰਕ ਪ੍ਰਾਪਤ ਕੀਤੇ। ਉਸ ਨੇ ਦੱਸਿਆ ਕਿ 12ਵੀਂ ਤੋਂ ਬਾਅਦ ਉਸ ਨੂੰ ਲੇਡੀ ਸ੍ਰੀਰਾਮ ਕਾਲਜ 'ਚ ਦਾਖਲਾ ਮਿਲ ਗਿਆ।
ਇਹ ਵੀ ਪੜੋ: ਪੋਸ਼ਾਕ ਮਾਮਲੇ 'ਚ ਸੁਖਬੀਰ ਦੋਸ਼ੀ ਪਾਇਆ ਜਾਂਦੈ ਤਾਂ ਪੰਥ ਚੋਂ ਛੇਕਿਆ ਜਾਵੇ: ਢੀਂਡਸਾ
ਉਸ ਨੇ ਦੱਸਿਆ ਕਿ ਇਸ ਦੌਰਾਨ ਉਸ ਨੇ ਨਾ ਸਿਰਫ਼ ਖ਼ੁਦ ਲਈ, ਬਲਕਿ ਹੋਰਨਾਂ ਕੁੜੀਆਂ ਲਈ ਵੀ ਆਵਾਜ਼ ਉਠਾਉਣਾ ਸਿੱਖਿਆ। ਉਸ ਨੇ ਦੱਸਿਆ ਕਿ ਉਹ ਭਾਰਤ ਦੀ ਪਹਿਲੀ ਦਿਵਿਆਂਗ ਸਟੂਡੈਂਟ ਹੈ, ਜੋ ਆਕਸਫੋਰਡ ਯੂਨੀਵਰਸਿਟੀ 'ਚ ਦਾਖ਼ਲਾ ਲਵੇਗੀ। ਉਸ ਨੇ ਕਿਹਾ ਕਿ ਭਾਰਤ 'ਚ ਅਜੇ ਦਿਵਿਆਂਗਾਂ ਲਈ ਬਹੁਤ ਕੁਝ ਕਰਨ ਦੀ ਲੋੜ ਹੈ। ਉਸ ਨੇ ਕਿਹਾ ਕਿ ਮਾਸਟਰ ਡਿਗਰੀ ਕਰਕੇ ਉਹ ਉਨ੍ਹਾਂ ਦਿਵਿਆਂਗ ਵਿਅਕਤੀਆਂ ਦੀ ਆਵਾਜ਼ ਬਣੇਗੀ, ਜਿਨ੍ਹਾਂ ਦੀ ਕੋਈ ਨਹੀਂ ਸੁਣਦਾ।