ਚੰਡੀਗੜ: ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਨਜਾਇਜ਼ ਸ਼ਰਾਬ ਵੇਚਣ ਵਾਲਿਆਂ ਵਿਰੁੱਧ ਚਲਾਈ ਮੁਹਿੰਮ ਦੇ ਅਧੀਨ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਵੱਡੀ ਕਾਰਵਾਈ ਕੀਤੀ।
ਹੁਸ਼ਿਆਰਪੁਰ ਦੀ ਦਸੂਹਾ ਪੁਲਿਸ ਵੱਲੋਂ 400 ਕਿੱਲੋ ਲਾਹਣ ਬਰਾਮਦ ਕਰਕੇ ਇਸ ਨੂੰ ਮੌਕੇ ‘ਤੇ ਹੀ ਨਸ਼ਟ ਕਰ ਦਿੱਤਾ ਗਿਆ ਹੈ।
ਪੁਲਿਸ ਟੀਮ ਕਾਬੂ ਕੀਤੇ ਸਮਾਨ ਨਾਲ। ਜਾਣਕਾਰੀ ਦਿੰਦਿਆਂ ਸੀਨੀਅਰ ਪੁਲਿਸ ਕਪਤਾਨ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਨਜਾਇਜ਼ ਸ਼ਰਾਬ ਵੇਚਣ ਵਾਲਿਆਂ ਵਿਰੁੱਧ ਜ਼ਬਰਦਸਤ ਮੁਹਿੰਮ ਚਲਾਈ ਗਈ ਹੈ। ਇਸ ਦੇ ਅਧੀਨ ਦਸੂਹਾ ਪੁਲਿਸ ਵੱਲੋਂ ਮੰਡ ਖੇਤਰ ਵਿੱਚ 6 ਘੰਟੇ ਤੋਂ ਵੱਧ ਖੋਜ ਅਭਿਆਨ ਚਲਾਇਆ ਗਿਆ ਅਤੇ ਵੱਡੀ ਸਫ਼ਲਤਾ ਵੀ ਹਾਸਲ ਕੀਤੀ ਗਈ।
ਇਸ ਖੇਤਰ ਦੇ ਪਿੰਡਾਂ ਬੇਗਪੁਰ ਅਤੇ ਟੇਰਕਿਆਣਾ ਤੋਂ ਪੁਲਿਸ ਨੇ 400 ਕਿਲੋ ਲਾਹਣ ਬਰਾਮਦ ਕੀਤੀ ਜਿਸ ਨੂੰ ਨਸ਼ਟ ਕਰ ਦਿੱਤਾ ਗਿਆ। ਇਹ ਸਰਚ ਆਪਰੇਸ਼ਨ ਦੁਪਹਿਰ 2 ਵਜੇ ਤੱਕ ਜਾਰੀ ਰਿਹਾ।
ਐੱਸ.ਐੱਸ.ਪੀ. ਮਾਹਲ ਨੇ ਦੱਸਿਆ ਕਿ ਜਲਦ ਹੀ ਦੋਸ਼ੀ ਹਿਰਾਸਤ ਵਿੱਚ ਹੋਣਗੇ। ਪੁਲਿਸ ਨੇ ਪੰਜ ਕਿਸ਼ਤੀਆਂ ਅਤੇ ਹੋਰ ਸਾਮਾਨ ਵੀ ਜ਼ਬਤ ਕੀਤਾ ਹੈ ਜੋ ਕਿ ਸ਼ਰਾਬ ਤਸਕਰੀ ਲਈ ਵਰਤਿਆ ਜਾਂਦਾ ਸੀ।
ਕਾਬਿਲੇਗੌਰ ਹੈ ਕਿ ਜ਼ਿਲਾ ਪੁਲਿਸ ਵੱਲੋਂ ਦਰਿਆ ਦੇ ਨਾਲ-ਨਾਲ ਨਾਕੇ ਲਗਾ ਦਿੱਤੇ ਗਏ ਹਨ ਤਾਂ ਜੋ ਸ਼ਰਾਬ ਤਸਕਰ ਅੱਗੋਂ ਕੋਈ ਕਾਰਵਾਈ ਨਾ ਕਰ ਸਕਣ। ਇਸ ਸੰਬੰਧੀ ਥਾਣਾ ਦਸੂਹਾ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ।