ਗੜ੍ਹਸ਼ੰਕਰ ਵਿੱਚ ਚੋਰਾਂ ਨੇ ਮੈਡੀਕਲ ਸਟੋਰ ਨੂੰ ਬਣਾਇਆ ਨਿਸ਼ਾਨਾ ਹੁਸ਼ਿਆਪੁਰ : ਜ਼ਿਲ੍ਹੇ ਦੇ ਕਸਬਾਗੜ੍ਹਸ਼ੰਕਰ ਵਿੱਚ ਲਗਾਤਾਰ ਹੋ ਰਹੀਆਂ ਚੋਰੀ ਦੀਆਂ ਘਟਨਾਵਾਂ ਕਾਰਨ ਲੋਕਾਂ ਵਿੱਚ ਸਹਿਮ ਦਾ ਮਾਹੋਲ ਪਾਇਆ ਜਾ ਰਿਹਾ ਹੈ। ਉੱਥੇ ਹੀ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਉਤੇ ਵੀ ਵੱਡੇ ਸਵਾਲ ਖੜ੍ਹੇ ਹੋ ਰਹੋ ਹਨ। ਹੁਣ ਚੋਰੀ ਦੀ ਇੱਕ ਹੋਰ ਘਟਨਾ ਸਾਹਮਣੇ ਆਈ ਹੈ ਗੜਸ਼ੰਕਰ ਹੁਸ਼ਿਆਰਪੁਰ ਰੋਡ ਸਥਿਤ ਅਵਤਾਰ ਮੈਡੀਕਲ ਸਟੋਰ ਤੋਂ। ਇੱਥੇ ਬੀਤੀ ਰਾਤ ਦੋ ਨਕਾਬਪੋਸ਼ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ।
ਜਾਣਕਾਰੀ ਦਿੰਦਿਆਂ ਦੁਕਾਨ ਦੇ ਮਾਲਕ ਅੰਸ਼ ਕਰੀਮਪੁਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਨਾਲ ਦੇ ਦੁਕਾਨਦਾਰ ਵਲੋਂ ਫੋਨ ਕਰ ਕੇ ਚੋਰੀ ਬਾਰੇ ਦੱਸਿਆ ਗਿਆ ਅਤੇ ਜਦੋਂ ਉਨ੍ਹਾਂ ਦੁਕਾਨ ਵਿੱਚ ਆਕੇ ਦੇਖਿਆ ਤਾਂ 25 ਹਜ਼ਾਰ ਦੀ ਨਗਦੀ ਅਤੇ ਮਹਿੰਗੀਆਂ ਦਵਾਈਆਂ ਗਾਇਬ ਸਨ। ਉਨ੍ਹਾਂ ਦੱਸਿਆ ਕਿ ਸੀਸੀਟੀਵੀ ਕੈਮਰਿਆਂ ਦੀ ਮੱਦਦ ਨਾਲ ਸਪਸ਼ੱਟ ਹੋਇਆ ਕਿ 2 ਨਕਾਬਪੋਸ਼ ਚੋਰ ਦੁਕਾਨ ਦੇ ਉਪਰਲੇ ਪਾਸਿਓਂ ਦਰਵਾਜ਼ਾ ਤੋੜਕ ਦਾਖ਼ਲ ਹੋਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਕੇ ਫ਼ਰਾਰ ਹੋ ਗਏ।
ਚੋਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ :ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਥਾਣਾ ਗੜ੍ਹਸ਼ੰਕਰ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਸੀਸੀਟੀਵੀ ਫੁਟੇਜ ਵੀ ਮੁਹੱਈਆ ਕਰਵਾਈ ਗਈ ਹੈ। ਉਨ੍ਹਾਂ ਚੋਰਾਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ ਤਾਂਕਿ ਲਗਾਤਾਰ ਵੱਧ ਰਹੀਆਂ ਚੋਰੀ ਦੀਆਂ ਘਟਨਾਵਾਂ ਰੋਕੀਆਂ ਜਾ ਸਕਣ।
ਸੀਸੀਟੀਵੀ ਫੁਟੇਜ ਦੀ ਮਦਦ ਨਾਲ ਪੁਲਿਸ ਕਰ ਰਹੀ ਪੜਤਾਲ :ਇਸ ਸਬੰਧੀ ਥਾਣਾ ਗੜ੍ਹਸ਼ੰਕਰ ਦੇ ਏਐਸਆਈ ਅਵਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲਣ ਉਤੇ ਉਹਨਾਂ ਵਲੋਂ ਮੌਕੇ ਉਤੇ ਜਾ ਕੇ ਜਾਂਚ ਕੀਤੀ ਗਈ ਹੈ। ਸੀਸੀਟੀਵੀ ਫੁਟੇਜ ਦੀ ਮੱਦਦ ਨਾਲ ਛਾਣਬੀਣ ਕੀਤੀ ਜਾ ਰਹੀ ਹੈ। ਦੱਸਦਈਏ ਕਿ ਗੜ੍ਹਸ਼ੰਕਰ ਸ਼ਹਿਰ ਦੇ ਵਿੱਚ ਲਗਾਤਾਰ ਚੋਰੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ, ਪਰ ਪੁਲਿਸ ਪ੍ਰਸ਼ਾਸਨ ਦੀ ਢਿੱਲੀ ਕਾਰਵਾਈ ਦੇ ਕਾਰਨ ਲੋਕਾਂ ਵਿੱਚ ਭਾਰੀ ਰੋਸ ਵੀ ਦੇਖਣ ਨੂੰ ਮਿਲ ਰਿਹਾ ਹੈ। ਜੇਕਰ ਗੱਲ ਅਵਤਾਰ ਮੈਡੀਕਲ ਸਟੋਰ ਦੀ ਕਰੀਏ ਤਾਂ ਇੱਥੇ ਚੋਰ ਦੁਕਾਨ ਦੀ ਛੱਤ ਤੋਂ ਦਰਵਾਜ਼ਾ ਪੁੱਟਕੇ ਦਾਖਲ ਹੋਏ ਅਤੇ ਮਹਿੰਗੀਆਂ ਦਵਾਈਆਂ ਤੇ ਨਕਦੀ ਲੈ ਕੇ ਫਰਾਰ ਹੋ ਗਏ ਹਨ। ਹੁਣ ਦੇਖਣਾ ਹੋਵੇਗਾ ਕਿ ਥਾਣਾ ਗੜ੍ਹਸ਼ੰਕਰ ਪੁਲਿਸਿ ਕੀ ਕਾਰਵਾਈ ਕਰਦੀ ਹੈ।