ਹੁਸ਼ਿਆਰਪੁਰ: ਜ਼ਿਲ੍ਹਾ ਤੇ ਸੈਸ਼ਨ ਜੱਜ ਨੀਲਮ ਅਰੋੜਾ ਦੀ ਅਦਾਲਤ ਨੇ ਸਤੰਬਰ 2017 ਵਿੱਚ ਨਵਾਂਸ਼ਹਿਰ-ਗੜ੍ਹਸ਼ੰਕਰ ਰੋਡ 'ਤੇ ਮਹਿਲਾ ਜਸਪਾਲ ਕੌਰ ਤੇ ਉਸ ਦੇ ਪੁੱਤਰ ਦਿਲਪ੍ਰੀਤ ਸਿੰਘ ਦੇ ਕਤਲ ਮਾਮਲੇ ਵਿੱਚ ਮੁਲਜ਼ਮ ਨੂੰ ਦੋਸ਼ੀ ਕਰਾਰ ਦਿੱਤਾ ਗਿਆ। ਇਸ ਦੌਰਾਨ ਅਦਾਲਤ ਨੇ ਮੁਲਜ਼ਮ ਨੂੰ ਧਾਰਾ 302 ਤਹਿਤ ਉਮਰ ਕੈਦ ਦੇ ਨਾਲ-ਨਾਲ 25 ਹਜ਼ਾਰ ਰੁਪਏ ਨਕਦ ਜ਼ੁਰਮਾਨਾ ਅਦਾ ਕਰਨ ਦੀ ਸਜ਼ਾ ਸੁਣਾਈ ਹੈ।
ਅਦਾਲਤ ਨੇ ਲਾਸ਼ ਨੂੰ ਖ਼ੁਰਦ-ਬੁਰਦ ਕਰਨ ਦੀ ਧਾਰਾ 201 ਵਿੱਚ ਵੀ ਮੁਲਜ਼ਮ ਨੂੰ ਦੋਸ਼ੀ ਕਰਾਰ ਦਿੰਦਿਆਂ ਹੋਇਆਂ 7 ਸਾਲ ਦੀ ਕੈਦ ਦੇ ਨਾਲ 25 ਹਜ਼ਾਰ ਰੁਪਏ ਜ਼ੁਰਮਾਨਾ ਅਦਾ ਕਰਨ ਦੀ ਸਜ਼ਾ ਸੁਣਾਈ ਹੈ। ਜ਼ੁਰਮਾਨਾ ਰਾਸ਼ੀ ਅਦਾ ਨਾ ਕਰਨ 'ਤੇ ਦੋਸ਼ੀ ਨੂੰ ਦੇਵੇਂ ਹੀ ਮਾਮਲਿਆਂ ਵਿੱਚ 3-3 ਮਹੀਨੇ ਦੀ ਕੈਦ ਦੀ ਸਜ਼ਾ ਹੋਰ ਕੱਟਣੀ ਪਵੇਗੀ।
ਇਹ ਹੈ ਮਾਮਲਾ
ਵਰਣਨਯੋਗ ਹੈ ਕਿ ਨਵਾਂਸ਼ਹਿਰ ਦੀ ਪੁਲਸ ਨੇ ਫੀਡ ਫੈਕਟਰੀ ਦੀ ਮਾਲਕਣ ਰੇਣੂ ਚੌਧਰੀ ਦੀ ਸ਼ਿਕਾਇਤ 'ਤੇ ਦੋਸ਼ੀ ਸੰਦੀਪ ਕੁਮਾਰ ਉਰਫ ਦੀਪਾ ਦੇ ਖਿਲਾਫ 27 ਸਤੰਬਰ 2017 ਨੂੰ ਧਾਰਾ 302 ਤੇ 201 ਦੇ ਅਧੀਨ ਮਾਮਲਾ ਦਰਜ ਕੀਤਾ ਸੀ। ਸ਼ਿਕਾਇਤ ਦੇ ਅਨੁਸਾਰ ਸੰਦੀਪ ਉਸ ਦੀ ਫੈਕਟਰੀ ਵਿਚ ਪਹਿਲਾਂ ਕੰਮ ਕਰ ਚੁੱਕਾ ਸੀ। ਸਤੰਬਰ 2017 ਵਿਚ ਉਸ ਨੇ ਦੱਸਿਆ ਕਿ ਉਹ ਆਪਣੀ ਪਤਨੀ ਤੇ ਬੱਚਿਆਂ ਨਾਲ ਬੰਦ ਫੈਕਟਰੀ ਵਿਚ ਰਹਿਣਾ ਚਾਹੁੰਦਾ ਹੈ।
27 ਸਤੰਬਰ 2017 ਨੂੰ ਜਦੋਂ ਉਹ ਆਪਣੀ ਬੰਦ ਫੀਡ ਫੈਕਟਰੀ ਵਿਚ ਗਈ ਤਾਂ ਵੇਖਿਆ ਕਿ ਉੱਥੇ ਮਹਿਲਾ ਜਸਪਾਲ ਕੌਰ ਤੇ ਉਸ ਦੇ ਪੁੱਤਰ ਦਿਲਪ੍ਰੀਤ ਸਿੰਘ ਦੀ ਖੂਨ ਨਾਲ ਲਥਪਥ ਲਾਸ਼ ਪਈ ਸੀ। ਸੂਚਨਾ ਮਿਲਣ 'ਤੇ ਮੌਕੇ ਉੱਤੇ ਪਹੁੰਚੀ ਪੁਲਸ ਨੇ ਫਰਾਰ ਚੱਲ ਰਹੇ ਸੰਦੀਪ ਕੁਮਾਰ ਉਰਫ ਦੀਪਾ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਕੇ ਮਾਮਲੇ ਦੀ ਜਾਂਚ ਵਿਚ ਜੁਟ ਗਈ ਸੀ।
ਅਦਾਲਤ ਵਿਚ ਮ੍ਰਿਤਕਾ ਜਸਪਾਲ ਕੌਰ ਦੇ ਪਰਿਵਾਰ ਤੇ ਪੁਲਸ ਵੱਲੋਂ ਮਿਲੀ ਜਾਣਕਾਰੀ ਦੇ ਅਨੁਸਾਰ ਜਸਪਾਲ ਕੌਰ ਦੇ ਪਤੀ ਦੀ ਮੌਤ ਹੋ ਜਾਣ ਦੇ ਬਾਅਦ ਉਹ ਸੰਦੀਪ ਦੇ ਸੰਪਰਕ ਵਿਚ ਆ ਗਈ ਸੀ। ਸੰਦੀਪ ਬੰਦ ਫੈਕਟਰੀ ਵਿਚ ਰਹਿਣ ਦੇ ਦੌਰਾਨ ਜਸਪਾਲ ਕੌਰ ਦੇ ਬੇਟੇ ਜਸਕਰਨ ਨੂੰ ਆਪਣੇ ਨਾਲ ਧੋਖੇ ਨਾਲ ਹਿਮਾਚਲ ਪ੍ਰਦੇਸ਼ ਲੈ ਜਾ ਕੇ ਉਸ ਦਾ ਕਤਲ ਕਰ ਦਿੱਤਾ ਸੀ। ਜਸਪਾਲ ਕੌਰ ਜਦੋਂ ਵਾਰ-ਵਾਰ ਸੰਦੀਪ ਤੋਂ ਜਸਕਰਨ ਬਾਰੇ ਪੁੱਛਣ ਲੱਗੀ ਤਾਂ ਦੋਸ਼ੀ ਸੰਦੀਪ ਨੇ ਗੁੱਸੇ ਵਿਚ ਆ ਕੇ ਜਸਪਾਲ ਕੌਰ ਤੇ ਉਸ ਦੇ ਪੁੱਤਰ ਦਿਲਪ੍ਰੀਤ ਦਾ ਵੀ ਕਤਲ ਕਰ ਕੇ ਮੌਕੇ ਤੋਂ ਫਰਾਰ ਹੋ ਗਿਆ ਸੀ।