ਹੁਸ਼ਿਆਰਪੁਰ: ਅੱਜ ਦੇ ਦੌਰ ਵਿੱਚ ਔਰਤਾਂ ਕਿਸੇ ਤੋਂ ਘੱਟ ਨਹੀਂ ਹਨ, ਅੱਜ ਔਰਤ ਬਾਇਕ 'ਤੇ ਸਟੰਟ ਵੀ ਕਰ ਰਹੀ ਹੈ ਤੇ ਹਵਾਈ ਜਹਾਜ਼ ਵੀ ਚਲਾ ਰਹੀ ਹੈ। ਇੰਨਾ ਹੀ ਨਹੀਂ ਔਰਤਾਂ ਅੱਜ ਆਟੋ-ਰਿਕਸ਼ਾ ਵੀ ਚਲਾ ਰਹੀਆਂ ਹਨ। ਜੀ ਹਾਂ, ਹੁਸ਼ਿਆਰਪੁਰ ਸ਼ਹਿਰ 'ਚ ਰਹਿ ਰਹੀ 30 ਸਾਲਾ ਰੇਖਾ ਇਸ ਗੱਲ ਦੀ ਮਿਸਾਲ ਹੈ।
ਆਖ਼ਿਰ ਕੀ ਸੀ ਆਟੋ ਚਲਾਉਣ ਦਾ ਕਾਰਨ?
ਛੇ ਸਾਲ ਪਹਿਲਾਂ ਰੇਖਾ ਨੇ ਆਟੋ ਚਲਾਉਣ ਦਾ ਫ਼ੈਸਲਾ ਇਸ ਕਾਰਨ ਲਿਆ ਕਿਉਂਕਿ ਇੱਕ ਦਿਨ ਰੇਖਾ ਨੇ ਆਪਣੀ ਮਾਂ ਨੂੰ ਹਸਪਤਾਲ ਲੈ ਕੇ ਜਾਣਾ ਸੀ ਤੇ ਆਟੋ ਲੇਟ ਹੋ ਗਿਆ। ਕਿਸੇ ਤਰੀਕੇ ਉਹ ਆਪਣੀ ਮਾਂ ਨੂੰ ਇਲਾਜ ਲਈ ਹਸਪਤਾਲ ਲੈ ਗਈ ਪਰ ਉਸ ਦਿਨ ਰੇਖਾ ਨੇ ਸੋਚ ਲਿਆ ਕਿ ਉਹ ਆਟੋ ਚਲਾਉਣ ਦਾ ਕੰਮ ਕਰੇਗੀ। ਰੇਖਾ ਨੇ ਕਿਹਾ ਕਿ ਆਟੋ ਚਲਾਉਣ ਦੇ ਫ਼ੈਸਲੇ ਦਾ ਇੱਕ ਕਾਰਨ ਇਹ ਵੀ ਹੈ ਕਿ ਉਹ ਨੌਕਰੀ ਇਸ ਲਈ ਨਹੀਂ ਕਰਨਾ ਚਾਹੁੰਦੀ ਕਿਉਂਕਿ ਉਸ ਨੂੰ ਕਿਸੇ ਦੀ ਗੁਲਾਮੀ ਕਰਨਾ ਪਸੰਦ ਨਹੀਂ ਹੈ। ਉਹ ਆਪਣੀ ਮਰਜ਼ੀ ਦੀ ਮਾਲਕ ਹੈ।
ਇਹ ਵੀ ਪੜ੍ਹੋ: ਮਹਿਲਾ ਦਿਵਸ ਵਿਸ਼ੇਸ਼: ਕਮਾਲ ਹੈ ਕੁਰੂਕਸ਼ੇਤਰ ਦੀ ਇਹ ਛੋਰੀ, ਕਹਾਉਂਦੀ ਹੈ ਹਾਕੀ ਦੀ 'ਰਾਣੀ'
ਮਾਂ ਨੂੰ ਇਤਰਾਜ਼ ਸੀ ਪਰ ਧੀ ਦੀ ਹਿੰਮਤ 'ਤੇ ਮਾਣ ਹੈ
ਰੇਖਾ ਦੀ ਮਾਂ ਨੇ ਕਿਹਾ ਕਿ ਪਹਿਲਾਂ ਉਨ੍ਹਾਂ ਨੂੰ ਇਸ ਕੰਮ ਤੋਂ ਇਤਰਾਜ਼ ਸੀ ਪਰ ਜਦੋਂ ਉਨ੍ਹਾਂ ਨੇ ਰੇਖਾ ਦਾ ਜਜ਼ਬਾ ਵੇਖਿਆ ਤਾਂ ਉਨ੍ਹਾਂ ਦੀ ਸੋਚ ਬਦਲ ਗਈ। ਅੱਜ ਜਦੋਂ ਹਰ ਪਾਸੇ ਰੇਖਾ ਦੀ ਮਿਸਾਲ ਦਿੱਤੀ ਜਾਂਦੀ ਹੈ ਤਾਂ ਉਨ੍ਹਾਂ ਨੂੰ ਬਹੁਤ ਚੰਗਾ ਲੱਗਦਾ ਹੈ। ਉਨ੍ਹਾਂ ਨੂੰ ਆਪਣੀ ਧੀ 'ਤੇ ਮਾਣ ਹੈ।
ਮਿਹਨਤ ਦਾ ਫ਼ਲ
ਸਿਆਣੇ ਕਹਿੰਦੇ ਨੇ ਜੇਕਰ ਸੱਚੇ ਦਿੱਲੋਂ ਮਿਹਨਤ ਕਰੋਂ ਤਾਂ ਸਭ ਕੁਝ ਮਿਲ ਜਾਂਦਾ ਹੈ। ਛੇ ਸਾਲ ਪਹਿਲਾਂ ਸ਼ੁਰੂ ਕੀਤੇ ਰੇਖਾ ਦੇ ਸੰਘਰਸ਼ ਨੇ ਉਸ ਨੂੰ ਇਸ ਮੁਕਾਮ 'ਤੇ ਪਹੁੰਚਾਇਆ ਹੈ ਕਿ ਉਸ ਨੇ ਇੱਕ ਭਾਰ ਢੋਣ ਵਾਲੀ ਗੱਡੀ ਵੀ ਖ਼ਰੀਦ ਲਈ ਹੈ। ਆਪਣੀ ਹਿੰਮਤ ਨਾਲ ਰੇਖਾ ਨੇ ਸਾਬਿਤ ਕਰ ਦਿੱਤਾ ਹੈ ਕਿ ਜੇਕਰ ਔਰਤਾਂ ਆਪਣੀ ਇੱਛਾ-ਸ਼ਕਤੀ ਨੂੰ ਮਜ਼ਬੂਤ ਕਰ ਲੈਣ ਤਾਂ ਉਹ ਮਰਦਾਂ ਦੇ ਬਰਾਬਰ ਨਹੀਂ, ਸਗੋਂ ਦੋ ਕਦਮ ਅੱਗੇ ਤੁਰਨ ਦਾ ਦਮ ਰੱਖਦੀਆਂ ਹਨ।
ਘਰ ਦੀਆਂ ਜ਼ਿੰਮੇਵਾਰੀਆਂ
ਇੱਕ ਔਰਤ ਦੀ ਜ਼ਿੰਦਗੀ 'ਚ ਬਹੁਤ ਸੰਘਰਸ਼ ਹੁੰਦਾ ਹੈ। ਉਹ ਦਫ਼ਤਰ ਦਾ ਕੰਮ ਤਾਂ ਸੰਭਾਲਦੀ ਹੈ ਤੇ ਨਾਲ-ਨਾਲ ਘਰ ਦੀਆਂ ਜ਼ਿੰਮੇਵਾਰੀਆਂ ਵੀ ਚੰਗੇ ਢੰਗ ਨਾਲ ਨਿਭਾਉਂਦੀ ਹੈ। ਰੇਖਾ ਨੇ ਆਪਣੀਆਂ ਤਿੰਨਾਂ ਭੈਣਾਂ ਦਾ ਵਿਆਹ ਤਾਂ ਕਰਵਾਇਆ ਹੀ, ਆਪਣੇ ਛੋਟੇ ਭਰਾ ਨੂੰ ਵੀ ਚੰਗੀ ਤਾਲੀਮ ਦਿਵਾਈ।
ਬੇਟੀ, ਭੈਣ ਅਤੇ ਮਾਂ ਇਹ ਤਿੰਨੇ ਰਿਸ਼ਤੇ ਰੇਖਾ ਸ਼ਿੱਦਤ ਦੇ ਨਾਲ ਨਿਭਾਅ ਰਹੀ ਹੈ। ਉਸ ਨੂੰ ਮਾਣ ਹੈ ਕਿ ਉਹ ਇੱਕ ਬੇਟੀ ਦੀ ਮਾਂ ਹੈ। ਜ਼ਿਕਰਯੋਗ ਹੈ ਕਿ ਜੋ ਲੋਕ ਇਹ ਸੋਚਦੇ ਹਨ ਔਰਤਾਂ ਚੰਗੀਆਂ ਡਰਾਈਵਰ ਨਹੀਂ, ਉਨ੍ਹਾਂ ਲਈ ਰੇਖਾ ਇੱਕ ਮਿਸਾਲ ਹੈ। ਦੁਨੀਆਂ ਭਰ ਦੀਆਂ ਔਰਤਾਂ ਦੇ ਜਜ਼ਬੇ ਨੂੰ, ਈਟੀਵੀ ਭਾਰਤ ਦਾ ਸਲਾਮ।