ਹੁਸ਼ਿਆਰਪੁਰ: ਝੋਨੇ ਦੀ ਪਰਾਲੀ ਅਤੇ ਰਹਿੰਦ-ਖੂੰਹਦ ਦੇ ਰੁਝਾਨ ਨੂੰ ਠੱਲ੍ਹ ਪਾਉਣ ਲਈ ਜ਼ਿਲ੍ਹਾ ਪ੍ਰਸਾਸ਼ਨ ਵਲੋਂ ਜਿੱਥੇ ਜਾਗਰੂਕਤਾ ਫੈਲਾਈ ਜਾ ਰਹੀ ਹੈ, ਉਥੇ ਕਿਸਾਨਾਂ ਨੂੰ ਨਿੱਜੀ ਅਤੇ ਗਰੁੱਪਾਂ ਵਿੱਚ ਸਬਸਿਡੀ 'ਤੇ ਖੇਤੀ ਮਸ਼ੀਨਰੀ/ਸੰਦ ਮੁਹੱਈਆ ਕਰਵਾਏ ਜਾ ਰਹੇ ਹਨ, ਤਾਂ ਜੋ ਪਰਾਲੀ ਅਤੇ ਰਹਿੰਦ-ਖੂੰਹਦ ਦਾ ਖੇਤਾਂ ਵਿੱਚ ਹੀ ਪ੍ਰਬੰਧਨ ਕੀਤਾ ਜਾ ਸਕੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਆਧੁਨਿਕ ਖੇਤੀ ਮਸ਼ੀਨਰੀ 'ਤੇ ਸਬਸਿਡੀ ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ, ਜਿਸ ਤਹਿਤ ਜ਼ਿਲ੍ਹੇ ਵਿੱਚ ਹੁਣ ਤੱਕ 148 ਮਸ਼ੀਨਾਂ 'ਤੇ 1 ਕਰੋੜ 56 ਲੱਖ 98 ਹਜ਼ਾਰ 660 ਰੁਪਏ ਦੀ ਸਬਸਿਡੀ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਟਰਾਂਸਫਰ ਹੋ ਚੁੱਕੀ ਹੈ।
ਨਵੀਂ ਤਕਨਿਕ ਬਾਰੇ ਪ੍ਰਸ਼ਾਸਨ ਕਰ ਰਿਹਾ ਕਿਸਾਨਾ ਨੂੰ ਜਾਗਰੂਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਲ 2019-2020 ਦੌਰਾਨ ਜ਼ਿਲ੍ਹੇ ਵਿੱਚ 77 ਫਾਰਮ ਮਸ਼ੀਨਰੀ ਬੈਂਕ ਤੇ ਕਸਟਮਰ ਹਾਈਰਿੰਗ ਸੈਂਟਰ ਸਥਾਪਿਤ ਕੀਤੇ ਜਾਣੇ ਹਨ। ਇਨ੍ਹਾਂ ਵਿਚੋਂ 61 ਫਾਰਮ ਮਸ਼ੀਨਰੀ ਬੈਂਕ ਸਥਾਪਿਤ ਕੀਤੇ ਜਾ ਚੁੱਕੇ ਹਨ। ਇਨ੍ਹਾਂ ਸੈਂਟਰਾਂ ਵਿੱਚ 209 ਮਸ਼ੀਨਾਂ 80 ਫੀਸਦੀ ਸਬਸਿਡੀ 'ਤੇ ਮੁਹੱਈਆ ਕਰਵਾਈਆਂ ਗਈਆਂ ਹਨ। ਇਸ ਤੋਂ ਇਲਾਵਾ ਵਿਅਕਤੀਗਤ ਤੌਰ 'ਤੇ 30 ਮਸ਼ੀਨਾਂ 50 ਫੀਸਦੀ ਸਬਸਿਡੀ 'ਤੇ ਮੁਹੱਈਆ ਕਰਵਾਈਆਂ ਗਈਆਂ ਹਨ।
ਉਨ੍ਹਾਂ ਕਿਹਾ ਕਿ ਪਿੰਡ ਵਾਈਜ਼ 598 ਨੋਡਲ ਅਫ਼ਸਰ ਨਿਯੁਕਤ ਕੀਤੇ ਗਏ ਹਨ, ਜੋ ਕਿਸਾਨਾਂ ਨੂੰ ਅੱਗ ਲਾਉਣ ਨਾਲ ਹੋਣ ਵਾਲੇ ਨੁਕਸਾਨਾਂ ਤੋਂ ਸੁਚੇਤ ਕਰਨਗੇ। ਇਸ ਤੋਂ ਇਲਾਵਾ ਨੋਡਲ ਅਫ਼ਸਰਾਂ ਦੀ ਸਹਾਇਤਾ ਲਈ 20-20 ਪਿੰਡਾਂ ਪਿੱਛੇ ਇੱਕ-ਇੱਕ ਕੋਆਰਡੀਨੇਟਿੰਗ ਅਫ਼ਸਰ ਵੀ ਲਗਾਇਆ ਗਿਆ ਹੈ, ਜਿਸ ਮੁਤਾਬਕ ਜ਼ਿਲ੍ਹੇ ਵਿੱਚ ਕੁੱਲ 32 ਕੋਆਰਡੀਨੇਟਿੰਗ ਅਫ਼ਸਰ ਨਿਯੁਕਤ ਕੀਤੇ ਗਏ ਹਨ।
ਪਰਾਲੀ ਨਾ ਸਾੜਨ ਲਈ ਪ੍ਰਸ਼ਾਸਨ ਕਰ ਰਿਹਾ ਕਿਸਾਨਾ ਨੂੰ ਪ੍ਰੇਰਿਤ ਡੀਸੀ ਨੇ ਪਰਾਲੀ ਨਾ ਸਾੜਨ ਦਾ ਸੰਕਲਪ ਲੈਣ ਵਾਲੇ ਪਿੰਡ ਟੋਡਰਪੁਰ, ਪੰਚ ਨੰਗਲਾ, ਦਲੇਲ ਸਿੰਘ ਵਾਲਾ, ਕੋਟਲਾ, ਥਿੰਡਾ, ਬਹਿਬਲਪੁਰ, ਰੀਲਾ ਸਮੇਤ ਦਰਜਨਾਂ ਹੋਰ ਪਿੰਡਾਂ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਕਿਸਾਨਾਂ ਵੱਲੋਂ ਚੁੱਕਿਆ ਇਹ ਕਦਮ ਕਾਬਿਲੇ-ਤਾਰੀਫ਼ ਹੈ। ਉਨ੍ਹਾਂ ਕਿਹਾ ਕਿ ਪਰਾਲੀ ਨਾ ਸਾੜਨ ਵਲੇ ਕਿਸਾਨਾਂ ਨੂੰ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਸਨਮਾਨਿਤ ਵੀ ਕੀਤਾ ਜਾਵੇਗਾ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਫ਼ਸਲੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਦੀ ਬਜਾਏ ਇਸ ਦੇ ਸੁਚੱਜੇ ਨਿਪਟਾਰੇ ਲਈ ਖੇਤੀਬਾੜੀ ਵਿਭਾਗ ਦੀਆਂ ਨਵੀਆਂ ਤਕਨੀਕਾਂ ਅਪਨਾਉਣ ਦੀ ਲੋੜ ਹੈ।