ਹਨੇਰੇ 'ਚ ਡੁੱਬਿਆ ਪਟਵਾਰ ਵਰਕ ਸਟੇਸ਼ਨ, ਤਿੰਨ ਮਹੀਨਿਆਂ ਤੋਂ ਨਹੀਂ ਆਈ ਬਿਜਲੀ , ਮੁਲਾਜ਼ਮ ਅਤੇ ਲੋਕ ਹੋ ਰਹੇ ਪ੍ਰੇਸ਼ਾਨ ਗੜ੍ਹਸ਼ੰਕਰ: ਤਰੱਕੀ ਦੇ ਵੱਡੇ ਵੱਡੇ ਦਾਅ ਕਰਕੇ ਪੰਜਾਬ ਦੀ ਸੱਤਾ ਉੱਤੇ ਇੱਕ ਤਰਫਾ ਜਿੱਤ ਦਰਜ ਕਰਕੇ ਕਾਬਿਜ਼ ਹੋਈ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਗੜ੍ਹਸ਼ੰਕਰ ਵਿਖੇ ਤਹਿਸੀਲ ਪਟਵਾਰ ਵਰਕ ਸਟੇਸ਼ਨ ਹਨੇਰੇ ਵਿੱਚ ਡੁੱਬਿਆ ਹੋਇਆ ਹੈ ਅਤੇ ਮੁਲਾਜ਼ਮ ਪਿਛਲੇ ਤਿੰਨ ਮਹੀਨਿਆਂ ਤੋਂ ਹਨੇਰੇ ਵਿੱਚ ਕੰਮ ਕਰਨ ਲਈ ਮਜਬੂਰ ਹਨ। ਬਿਜਲੀ ਤੋਂ ਵਾਂਝੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਧੁੰਦ ਪੈਣ ਕਾਰਨ ਪਟਵਾਰ ਖਾਨੇ ਅੰਦਰ ਬਿਲਕੁੱਲ ਹਨੇਰਾ ਛਾ ਜਾਂਦਾ ਹੈ ਜਿਸ ਕਰਕੇ ਉਨ੍ਹਾਂ ਨੂੰ ਕੰਮ ਕਰਨ ਵਿੱਚ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਬਿੱਲ ਭਰਨ ਤੋਂ ਅਸਮਰੱਥ: ਦਫ਼ਤਰ ਦੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਹ ਖੁੱਦ ਪਟਵਾਰ ਵਰਕ ਸਟੇਸ਼ਨ ਦਾ ਬਿੱਲ ਭਰਨ ਤੋਂ ਅਸਮਰੱਥ ਹਨ। ਉਨ੍ਹਾਂ ਕਿਹਾ ਕਿ ਮਾਮਲੇ ਨੂੰ ਲੈਕੇ ਉਹ ਤਹਿਸੀਲਦਾਰ ਕੋਲ ਵੀ ਗਏ ਸਨ ਅਤੇ ਤਹਿਸੀਲਦਾਰ ਨੇ ਬਿਜਲੀ ਮਹਿਕਮੇ ਨੂੰ ਪੱਤਰ ਰਾਹੀਂ ਮੁਸ਼ਕਿਲ ਤੋਂ ਜਾਣੂ ਵੀ ਕਰਵਾਇਆ ਸੀ, ਪਰ ਫਿਰ ਵੀ ਕੋਈ ਐਕਸ਼ਨ ਨਹੀਂ ਹੋਇਆ । ਨਾਲ ਹੀ ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਬਿੱਲ ਭਰਨ ਅਤੇ ਮਸਲੇ ਦਾ ਹੱਲ ਕਰਨ ਲਈ ਬੇਨਤੀ ਕੀਤੀ।
ਪਿਛਲੀਆਂ ਸਰਕਾਰਾਂ ਦਾ ਕਸੂਰ: ਮਾਮਲੇ ਸਬੰਧੀ ਸਥਾਨਕ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕਿਸ਼ਨ ਰੋੜੀ ਦਾ ਕਹਿਣਾ ਹੈ ਕਿ ਪਟਵਾਰ ਵਰਕ ਸਟੇਸ਼ਨ ਦਾ ਬਿੱਲ ਤਿੰਨ ਮਹੀਨਿਆਂ ਤੋਂ ਨਹੀਂ ਸਗੋਂ ਪਿਛਲੇ ਪੰਜ ਸਾਲਾਂ ਤੋਂ ਪੈਂਡਿੰਗ ਹੈ। ਉਨ੍ਹਾਂ ਕਿਹਾ ਪਿਛਲੀ ਸਰਕਾਰ ਨੇ ਪਟਵਾਰ ਸਟੇਸ਼ਨ ਲਈ ਆਇਆ ਸਾਰਾ ਪੈਸਾ ਐਸ਼ ਵਿੱਚ ਉਡਾ ਦਿੱਤਾ ਜਿਸ ਤੋਂ ਮਗਰੋਂ ਹੁਣ ਬਿਜਲੀ ਵਿਭਾਗ ਨੇ ਪਟਵਾਰ ਸਟੇਸ਼ਨ ਦੀ ਬਿਜਲੀ ਦਾ ਕੁਨੈਕਸ਼ਨ ਕੱਟ ਦਿੱਤਾ ਹੈ।
ਇਹ ਵੀ ਪੜ੍ਹੋ:ਨਹੀਂ ਰਹੇ ਚੌਧਰੀ ਸੰਤੋਖ ਸਿੰਘ, 1978 ਤੋਂ ਕੀਤੀ ਸੀ ਰਾਜਨੀਤਿਕ ਸਫ਼ਰ ਦੀ ਸ਼ੁਰੂਆਤ, ਜਾਣੋ ਸਫ਼ਰ
ਮਸਲੇ ਦੇ ਹੱਲ ਦਾ ਭਰੋਸਾ:ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕਿਸ਼ਨ ਸਿੰਘ ਰੋੜੀ ਕਿਹਾ ਕਿ ਭਾਵੇਂ ਪਿਛਲੀ ਸਰਕਾਰ ਦੀਆਂ ਗਲਤੀਆਂ ਦਾ ਹਰਜਾਨਾ ਅੱਜ ਪਟਵਾਰ ਸਟੇਸ਼ਟਨ ਦੇ ਮੁਲਾਜ਼ਮਾਂ ਨੂੰ ਭੁਗਤਣਾ ਪੈ ਰਿਹਾ ਹੋਵੇ,ਪਰ ਉਹ ਮਸਲੇ ਦੇ ਹੱਲ ਲਈ ਸਬੰਧਿਤ ਅਧਿਕਾਰੀਆਂ ਨਾਲ ਗੱਲ ਕਰਨਗੇ। ਨਾਲ ਹੀ ਉਨ੍ਹਾਂ ਕਿਹਾ ਕਿ ਉਹ ਬਿਜਲੀ ਮਹਿਕਮੇ ਦਾ ਬਿੱਲ ਜੋ ਪਿਛਲੇ ਲੰਮੇਂ ਸਮੇਂ ਤੋਂ ਖੜ੍ਹਾ ਹੈ ਸਰਕਾਰੀ ਖ਼ਜ਼ਾਨੇ ਵਿੱਚੋਂ ਤਾਰਨ ਦੀ ਕੋਸ਼ਿਸ ਕਰਨਗੇ। ਇਸ ਤੋਂ ਇਲਾਵਾ ਉਨ੍ਹਾਂ ਨੇ ਪਟਵਾਰ ਖਾਨੇ ਦੇ ਅਧਿਕਾਰੀਆਂ ਨੂੰ ਨਿਸ਼ਚਿਤ ਹੋਕੇ ਕੰਮ ਕਰਨ ਲਈ ਕਿਹਾ।