ਦਲਜੀਤ ਸਿੰਘ ਖੱਖ ਡੀਐੱਸਪੀ ਗੜ੍ਹਸ਼ੰਕਰ ਨੇ ਦਿੱਤੀ ਜਾਣਕਾਰੀ ਗੜ੍ਹਸ਼ੰਕਰ:ਇੱਕ ਕਹਾਵਤ ਹੈ ਕਿ ਚੋਰਾਂ ਨੂੰ ਮੋਰ ਪੈ ਗਏ। ਅਜਿਹਾ ਹੀ ਮਾਮਲਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਥਾਣਾ ਗੜ੍ਹਸ਼ੰਕਰ ਤੋਂ ਸਾਹਮਣੇ ਆਇਆ ਹੈ, ਜਿੱਥੇ ਗੜ੍ਹਸ਼ੰਕਰ ਪੁਲਿਸ ਨੇ ਠੱਗੀ ਮਾਰਨ ਵਾਲੇ ਇੱਕ ਗਿਰੋਹ ਦੇ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਕਿ ਨਕਲੀ ਪੁਲਿਸ ਮੁਲਾਜ਼ਮ ਬਣਕੇ ਢਾਬਾ ਮਾਲਕ ਨਾਲ 35 ਹਜ਼ਾਰ ਦੀ ਠੱਗੀ ਮਾਰ ਰਹੇ ਸਨ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦਲਜੀਤ ਸਿੰਘ ਖੱਖ ਡੀਐਸਪੀ ਗੜ੍ਹਸ਼ੰਕਰ ਨੇ ਦੱਸਿਆ ਕਿ ਹਰਭੂਸ਼ਨ ਉਰਫ ਬਿੱਲੀ ਪੁੱਤਰ ਮਹਾਂ ਸਿੰਘ ਵਾਸੀ ਚੱਕ ਰੌਤਾਂ ਨੂੰ ਥਾਣਾ ਗੜ੍ਹਸ਼ੰਕਰ ਦੀ ਪੁਲਿਸ ਨੇ ਲੜਾਈ ਝਗੜੇ ਨਾਲ ਸਬੰਧਤ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ, ਜਿਸਦੀ ਪੈਰਵਾਈ ਰਾਕੇਸ਼ ਕੁਮਾਰ ਪੁੱਤਰ ਚਰਨ ਦਾਸ ਵਾਸੀ ਪੱਦੀ ਮੱਠਵਾਲੀ ਥਾਣਾ ਸਦਰ ਬੰਗਾ ਜਿਹੜਾ ਕਿ ਨੇੜੇ ਨੰਗਲ ਰੋਡ ਸ਼ਾਹਪੁਰ ਵਿਖੇ ਆਪਣਾ ਬੈਂਸ ਢਾਬਾ ਚਲਾ ਰਿਹਾ ਸੀ। ਡੀਐਸਪੀ ਗੜ੍ਹਸ਼ੰਕਰ ਨੇ ਦੱਸਿਆ ਕਿ ਰਾਕੇਸ਼ ਕੁਮਾਰ ਥਾਣੇ ਪਹੁੰਚਕੇ ਮੌਜੂਦ ਪੁਲਿਸ ਅਧਿਕਾਰੀਆਂ ਨੂੰ ਲੜਾਈ ਝਗੜੇ ਵਿੱਚ ਗਿਰਫ਼ਤਾਰ ਕੀਤੇ ਹਰਭੂਸ਼ਨ ਉਰਫ਼ ਬਿੱਲੀ ਨੂੰ ਛੁਡਵਾਉਣ ਦੀ ਗੱਲ ਕਹਿਣ ਲੱਗਾ ਅਤੇ ਉਸਨੇ ਦੱਸਿਆ ਕਿ ਉਸਨੇ ਥਾਣਾ ਗੜ੍ਹਸ਼ੰਕਰ ਦੇ ਐਸਐੱਚਓ ਜੈਪਾਲ ਨੂੰ 35 ਹਜ਼ਾਰ ਰੁਪਏ ਵੀ ਜਮ੍ਹਾਂ ਕਰਵਾਏ ਹਨ।
ਜਦੋਂ ਇਹ ਸਾਰਾ ਮਾਮਲਾ ਥਾਣਾ ਗੜ੍ਹਸ਼ੰਕਰ ਦੇ ਐਸਐੱਚਓ ਜੈ ਪਾਲ ਦੇ ਧਿਆਨ ਵਿੱਚ ਆਇਆ ਤਾਂ ਉਹ ਇੱਕ ਦਮ ਹਰਕਤ ਵਿੱਚ ਆ ਗਏ ਪੜਤਾਲ ਸ਼ੁਰੂ ਕਰ ਦਿੱਤੀ ਗਈ। ਇਸ ਤੋਂ ਬਾਅਦ ਪੁਲਿਸ ਨੇ ਰਾਕੇਸ਼ ਕੁਮਾਰ ਨਾਲ ਵਾਪਰੀ ਘਟਨਾ ਸਬੰਧੀ ਉਸਦੇ ਬਿਆਨਾਂ ਤੇ ਸਬੂਤਾਂ ਦੇ ਅਧਾਰ ਉੱਤੇ ਸੁਖਮਨਜੀਤ ਸਿੰਘ ਉਰਫ ਮਨੀ ਪੁੱਤਰ ਬਲਵਿੰਦਰ ਸਿੰਘ ਵਾਸੀ ਲੁਧਿਆਣਾ ਅਤੇ ਸੁਰਿੰਦਰ ਕੁਮਾਰ ਉਰਫ ਲੱਡੂ ਪੁੱਤਰ ਸੋਬਾ ਰਾਮ ਖਿਲਾਫ਼ ਧਾਰਾ 420, 170, 387, 120 ਬੀ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਤੇ ਦੋਵਾਂ ਕਥਿਤ ਆਰੋਪੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਦਲਜੀਤ ਸਿੰਘ ਖੱਖ ਡੀ.ਐਸ.ਪੀ ਗੜ੍ਹਸ਼ੰਕਰ ਨੇ ਦੱਸਿਆ ਕਿ ਇਨ੍ਹਾਂ ਪਾਸੋਂ ਵਰਤਿਆ ਮੋਬਾਇਲ ਫੋਨ ਸਮੇਤ ਪੇ.ਟੀ.ਐੱਮ. ਨੰਬਰ ਵਾਲਾ ਮੋਬਾਇਲ ਫੋਨ ਅਤੇ ਵਸੂਲੇ ਹੋਏ 35 ਹਜ਼ਾਰ ਰੁਪਏ ਬ੍ਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਡੂੰਘਾਈ ਨਾਲ ਪੁੱਛਗਿੱਛ ਕਰਨ ਲਈ 25 ਤੱਕ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ ਤੇ ਇਨ੍ਹਾਂ ਪਾਸੋਂ ਹੋਰ ਕੀਤੀਆਂ ਵਾਰਦਾਤਾਂ ਬਾਰੇ ਪੁੱਛਗਿੱਛ ਕੀਤੀ ਜਾਵੇਗੀ।
ਦਲਜੀਤ ਸਿੰਘ ਖੱਖ ਡੀ.ਐਸ.ਪੀ ਗੜ੍ਹਸ਼ੰਕਰ ਨੇ ਦੱਸਿਆ ਕਿ ਉਨ੍ਹਾਂ ਤਫਦੀਸ਼ ਵਿੱਚ ਪਾਇਆ ਕਿ ਆਰੋਪੀ ਪੁਲਿਸ ਮੁਖ ਦਫ਼ਤਰ ਤੋਂ ਕਿਸੇ ਵੀ ਥਾਣੇ ਦੇ ਐਸ.ਐੱਚ.ਓ ਜਾਂ ਮੁਨਸ਼ੀ ਦਾ ਨੰਬਰ ਲੈਕੇ ਆਪਣੇ ਆਪ ਨੂੰ ਡੀ.ਐਸ.ਪੀ ਜਾਂ ਐਸ.ਐੱਚ.ਓ ਦੱਸਕੇ ਦਹਿਸ਼ਤ ਬਣਾਉਂਦੇ ਸਨ, ਕਿ ਉਹ ਚੰਡੀਗੜ੍ਹ ਤੋਂ ਗੱਲ ਕਰ ਰਿਹਾ ਹੈ ਅਤੇ ਥਾਣੇ ਵਿੱਚ ਦਰਜ਼ ਮੁਕੱਦਮਿਆਂ ਦੀ ਜਾਣਕਾਰੀ ਲੈਕੇ ਤਫਦੀਸ਼ ਅਫ਼ਸਰਾਂ ਅਤੇ ਮੁਜ਼ਰਮਾਂ ਦੇ ਪਰਿਵਾਰਾਂ ਤੋਂ ਪੈਸੇ ਦੀ ਮੰਗ ਕਰਦੇ ਸਨ।