ਗੜ੍ਹਸ਼ੰਕਰ :ਵਿਦੇਸ਼ਾਂ ਵਿਚ ਵੱਸਦੇ ਪੰਜਾਬੀ ਅੱਜ ਵੀ ਆਪਣੀ ਮਿੱਟੀ ਆਪਣੇ ਪੰਜਾਬ ਨਾਲ ਜੁੜੇ ਹੋਏ ਹਨ। ਜੋ ਸਮੇਂ ਸਮੇਂ ਉੱਤੇ ਇਸ ਨੂੰ ਸਾਬਿਤ ਵੀ ਕਰਦੇ ਹਨ।ਐਨ ਆਰ ਆਈ ਲੋਕਾਂ ਵੱਲੋਂ ਕਈ ਤਰ੍ਹਾਂ ਦੇ ਹੀਲੇ ਕੀਤੇ ਜਾਂਦੇ ਹਨ। ਜਿਸ ਤਹਿਤ ਪੰਜਾਬ ਵਿਚ ਲੋਕਾਂ ਲਈ ਕੁਝ ਚੰਗਾ ਕੀਤਾ ਜਾ ਸਕੇ। ਇਸੇ ਨੂੰ ਧਿਆਨ ਵਿਚ ਰੱਖਦੇ ਹੋਏ ਗੜ੍ਹਸ਼ੰਕਰ ਦੇ ਪਿੰਡ ਅਕਾਲਗੜ੍ਹ ਵਿੱਖੇ ਗਿੱਲ ਪਰਿਵਾਰ ਵੱਲੋਂ ਕੈਨੇਡਾ ਦੀ ਧਰਤੀ ਤੋਂ ਖਾਸ ਆਪਣੇ ਜੱਦੀ ਪਿੰਡ ਆਕੇ ਸਵਰਗਵਾਸੀ ਉਮਰਾਓ ਸਿੰਘ ਗਿੱਲ ਦੀ ਯਾਦ ਨੂੰ ਸਮਰਪਿਤ ਹਰਗੁਰਚੇਤ ਸਿੰਘ ਗਿੱਲ ਤੇ ਬਲਦੀਪ ਸਿੰਘ ਗਿੱਲ ਵੱਲੋਂ ਸਵ: ਮਹਿੰਦਰ ਸਿੰਘ ਗਿੱਲ ਯਾਦਗਾਰੀ 18ਵਾਂ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ। ਇਹ ਕੈਂਪ ਗੁਰਦੁਆਰਾ ਸ਼ਹੀਦ ਗੰਜ ਅਕਾਲਗੜ੍ਹ ਵਿਖੇ ਬੀਤੇ ਦਿਨੀਂ ਯਾਨੀ ਕਿ 5 ਮਾਰਚ ਨੂੰ ਸਵੇਰੇ 7 ਤੋਂ ਦੁਪਹਿਰ 2 ਵਜੇ ਤਕ ਲਗਾਇਆ ਗਿਆ । ਇਸ ਦੌਰਾਨ ਸੈਂਕੜੇ ਲੋਕਾਂ ਦਾ ਮੁਫ਼ਤ ਚੈਕਅੱਪ ਕੀਤਾ ਗਿਆ ਅਤੇ ਦਵਾਈਆਂ ਦਿੱਤੀਆਂ ਗਈਆਂ
ਪਰਿਵਾਰ ਦੀ ਸਮਾਜ ਭਲਾਈ ਪ੍ਰਤੀ ਭਾਵਨਾ:ਗੁਰੂ ਨਾਨਕ ਮਿਸ਼ਨ ਹਸਪਤਾਲ ਕੁੱਕੜ ਮਜਾਰਾ ਦੇ ਸਹਿਯੋਗ ਨਾਲ ਲਗਾਏ ਗਏ ਮੈਡੀਕਲ ਕੈਂਪ ਦਾ ਉਦਘਾਟਨ ਹਰਗੁਰਚੇਤ ਸਿੰਘ ਗਿੱਲ ਕੈਨੇਡਾ ਅਤੇ ਮੋਹਿੰਦਰ ਪਾਲ ਸਿੰਘ ਵਿਰਕ ਕੈਨੇਡਾ ਵਲੋਂ ਰੀਬਨ ਕੱਟਕੇ ਕੀਤਾ ਗਿਆ। ਕੈਂਪ ਦੌਰਾਨ ਵਿਸ਼ੇਸ਼ ਤੌਰ ’ਤੇ ਪਹੁੰਚੇ ਸਾਬਕਾ ਵਿਧਾਇਕ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਸਾਬਕਾ ਵਿਧਾਇਕ ਮੋਹਣ ਸਿੰਘ ਬੰਗਾ, ਭਾਜਪਾ ਆਗੂ ਨਿਮਿਸ਼ਾ ਮਹਿਤਾ ਨੇ ਸੰਬੋਧਨ ਕਰਦਿਆਂ ਗਿੱਲ ਪਰਿਵਾਰ ਦੇ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਉਪਰਾਲੇ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਹਰਗੁਰਚੇਤ ਸਿੰਘ ਗਿੱਲ ਨੇ ਪੁਰਾਣੇ ਸਮਿਆਂ ਨੂੰ ਯਾਦ ਕਰਦੇ ਹੋਏ ਜਿਥੇ ਪਰਿਵਾਰ ਦੀ ਸਮਾਜ ਭਲਾਈ ਪ੍ਰਤੀ ਭਾਵਨਾ ਨੂੰ ਪ੍ਰਗਟ ਕਰਦੇ ਹੋਏ ਭਵਿੱਖ ਵਿਚ ਵੀ ਸੇਵਾ ਦੇ ਕਾਰਜ ਜਾਰੀ ਰੱਖਣ ਜਾ ਭਰੋਸਾ ਦਿੱਤਾ। ਇਸ ਮੌਕੇ ਬਲਦੀਪ ਸਿੰਘ ਗਿੱਲ ਅਤੇ ਹਰਗੁਰਚੇਤ ਸਿੰਘ ਗਿੱਲ ਨੇ ਪਹੁੰਚੀਆਂ ਸਖਸ਼ੀਅਤਾਂ ਅਤੇ ਮੈਡੀਕਲ ਟੀਮ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ। ਬੀਬੀ ਸੁਸ਼ੀਲ ਕੌਰ ਪ੍ਰਧਾਨ ਅਤੇ ਹਸਪਤਾਲ ਪ੍ਰਬੰਧਕ ਰਘਵੀਰ ਸਿੰਘ ਦੀ ਦੇਖ-ਰੇਖ ਹੇਠ ਵੱਖ-ਵੱਖ ਮਾਹਿਰ ਡਾਕਟਰਾਂ ਨੇ ਕੈਂਪ ’ਚ ਪਹੁੰਚੇ 5 ਹਜ਼ਾਰ ਦੇ ਕਰੀਬ ਮਰੀਜ਼ਾਂ ਦੀ ਜਾਂਚ ਕੀਤੀ।