ਹੁਸ਼ਿਆਰਪੁਰ : ਕਿਰਤੀ ਕਿਸਾਨ ਯੂਨੀਅਨ ਵੱਲੋਂ ਆਪਸੀ ਵਪਾਰ ਚਾਲੂ ਕਰਨ ਲਈ ਪੰਜਾਬ ਨਾਲ ਲੱਗਦੇ ਭਾਰਤ-ਪਾਕਿ ਸਰਹੱਦਾਂ ਨੂੰ ਖੋਲ੍ਹਣ ਦੀ ਮੰਗ ਨੂੰ ਲੈ ਕੇ ਕਾਨਫਰੰਸਾਂ ਕੀਤੀਆਂ ਜਾ ਰਹੀਆਂ ਹਨ। ਇਸੇ ਤਹਿਤ ਹੀ ਹੁਸ਼ਿਆਰਪੁਰ ਦੇ ਪਿੰਡ ਡਾਨਸੀਵਾਲ ਵਿਖੇ ਕਿਸਾਨ ਜਥੇਬੰਦੀਆਂ ਦੇ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਸਰਕਾਰ ਨੂੰ ਇਹ ਸਰਹੱਦਾਂ ਖੋਲ੍ਹ ਦੇਣੀਆਂ ਚਾਹੀਦੀਆਂ ਹਨ।
ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਕਈ ਸਾਲ ਪਹਿਲਾਂ ਸਰਕਾਰ ਨੇ ਵਾਹਘਾ ਅਤੇ ਹੁਸੈਨੀਵਾਲਾ ਦੇ ਰਸਤੇ ਵਪਾਰ ਬੰਦ ਕਰ ਦਿੱਤਾ ਸੀ, ਪਰ ਮੋਦੀ ਸਰਕਾਰ ਆਪਣੇ ਕਾਰਪੋਰੇਟ ਮਿੱਤਰ ਅਡਾਨੀ-ਅੰਬਾਨੀ ਦੀਆਂ ਕੰਪਨੀਆਂ ਅਤੇ ਬੰਦਰਗਾਹਾਂ ਰਾਹੀਂ ਇਸ ਵਪਾਰ ਨੂੰ ਅੱਜ ਵੀ ਜਾਰੀ ਰੱਖਿਆ ਹੈ। ਜਿਸ ਦਾ ਲਾਭ ਕਿਸਾਨਾਂ ਅਤੇ ਆਮ ਲੋਕਾਂ ਦੇ ਬਜਾਏ ਕਾਰਪੋਰੇਟ ਘਰਾਣਿਆਂਂ ਨੂੰ ਹੋ ਰਿਹਾ ਹੈ। ਉਹਨਾਂ ਨੇ ਕਿਹਾ ਕਿ ਜੇਕਰ ਪੰਜਾਬ ਨਾਲ ਜੁੜੀਆਂ ਸਰਹੱਦਾਂ ਰਾਹੀਂ ਵਪਾਰ ਦੀ ਇਜ਼ਾਜ਼ਤ ਮਿਲ ਜਾਵੇ ਤਾਂ ਪੰਜਾਬ ਵਿੱਚ ਤਰੱਕੀ ਹੋ ਜਾਵੇਗੀ ਤੇ ਆਰਥਿਕ ਪੱਖੋਂ ਵੀ ਮਜ਼ਬੂਤੀ ਹੋਵੇਗੀ।