ਹੁਸ਼ਿਆਰਪੁਰ: ਹਰ ਇੱਕ ਮਾਂ-ਬਾਪ ਦਾ ਸੁਪਣਾ ਹੁੰਦਾ ਹੈ ਕਿ ਉਨ੍ਹਾਂ ਦੇ ਬੱਚੇ ਪੜ੍ਹ-ਲਿਖ ਕੇ ਵੱਡੀ ਕਾਮਯਾਬੀ ਹਾਸਿਲ ਕਰਨ ’ਤੇ ਜਿੰਦਗੀ ’ਚ ਵੱਡੇ ਆਦਮੀ ਬਣਨ ਅਤੇ ਇਸੇ ਉਦੇਸ਼ ਨੂੰ ਮੁੱਖ ਰਖਦਿਆਂ ਹਰ ਮਾਂ-ਬਾਪ ਵਲੋਂ ਆਪਣੇ ਬੱਚਿਆਂ ਦੇ ਲਾਲਣ-ਪਾਲਣ ’ਚ ਕੋਈ ਵੀ ਕਸਰ ਨਹੀਂ ਛੱਡੀ ਜਾਂਦੀ ਤੇ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਇਆ ਲਿਖਾਇਆ ਵੀ ਜਾਂਦਾ ਹੈ, ਤਾਂ ਜੋ ਉਹ ਭਵਿੱਖ ’ਚ ਕੁਝ ਬਣਨੇ ਬੁਢਾਪੇ ਚ ਉਨ੍ਹਾਂ ਦਾ ਸਹਾਰਾ ਬਣ ਸਕਣ। ਪਰ ਕਈ ਵਾਰ ਕੁਝ ਮਾਪਿਆਂ ਦੀ ਅਜਿਹੀ ਉਮੀਦ ਟੁੱਟ ਜਾਂਦੀ ਹੈ।
ਅਜਿਹਾ ਹੀ ਇੱਕ ਮਾਮਲਾ ਹੁਸ਼ਿਆਰਪੁਰ ਦੇ ਪਿੰਡ ਚੱਗਰਾਂ ਤੋਂ ਸਾਹਮਣੇ ਆਇਆ ਹੈ ਜਿੱਥੇ ਬਜ਼ੁਰਗ ਮਾਪਿਆਂ ਦੇ 3 ਪੁੱਤ ਹੋਣ ਦੇ ਬਾਵਜੁਦ ਵੀ ਬਜ਼ੁਰਗ ਜੋੜਾ ਤਰਸਯੋਗ ਹਾਲਤ ਚ ਰਹਿਣ ਲਈ ਮਜਬੂਰ ਹੈ। ਬਿਮਾਰੀਆਂ ਨਾਲ ਲੜ ਰਹੇ ਬਜ਼ੁਰਗ ਮਾਪਿਆਂ ਦੀ ਸਮਾਜ ਸੇਵੀ ਸੰਸਥਾ ਵਲੋਂ ਦੇਖਰੇਖ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਜ਼ੁਰਗ ਮਹਿੰਦਰ ਕੌਰ ਅਤੇ ਤਰਸੇਮ ਲਾਲ ਨੇ ਦੱਸਿਆ ਕਿ ਉਨ੍ਹਾਂ ਦੇ 3 ਪੁੱਤ ਨੇ ਜਿਨ੍ਹਾਂ ਚੋ 2 ਸਰਕਾਰੀ ਨੌਕਰੀ ਕਰਦੇ ਹਨ ਤੇ ਇੱਕ ਹਲਵਾਈ ਦਾ ਕੰਮ ਕਰਦਾ ਹੈ, ਪਰ ਕਿਸੇ ਵਲੋਂ ਵੀ ਉਨ੍ਹਾਂ ਦੀ ਕੋਈ ਸਾਰ ਨਹੀਂ ਲਈ ਜਾਂਦੀ। ਬਜ਼ੁਰਗ ਜੋੜੇ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦਾ ਧਿਆਨ ਰੱਖਣਾ ਤਾਂ ਦੂਰ ਉਨ੍ਹਾਂ ਨੂੰ ਉਹ ਬੁਲਾਉਂਦੇ ਵੀ ਨਹੀਂ ਹਨ।