ਕਾਰ ਮਕੈਨਿਕ ਤਮੰਨਾ ਦੀ ਹਰ ਪਾਸੇ ਹੋ ਰਹੀ ਚਰਚਾ ਹੁਸ਼ਿਆਰਪੁਰ:ਜ਼ਿਲ੍ਹਾ ਹੁਸਿ਼ਆਰਪੁਰ ਦੇ ਪਿੰਡ ਜੱਲੋਵਾਲ ਖਨੂਰ ਦੀ ਰਹਿਣ ਵਾਲੀ ਤਮੰਨਾ ਜੋ ਕਿ ਘਰ ਦੀਆਂ ਜਿ਼ੰਮੇਵਾਰੀਆਂ ਕਾਰਨ ਆਪਣਾ ਅਤੇ ਆਪਣੇ ਮਾਪਿਆਂ ਦਾ ਪੇਟ ਭਰਨ ਲਈ ਹੁਸਿ਼ਆਰਪੁਰ ਦੇ ਟਾਂਡਾ ਰੋਡ ਉੱਤੇ ਸਥਿਤ ਐਮ ਐਸ ਭਾਰਜ ਮੋਟਰ ਗੈਰਾਜ ਉੱਤੇ ਡੇਂਟਿੰਗ ਪੇਂਟਿੰਗ ਦਾ ਕੰਮ ਆਪਣੇ ਹੱਥੀ ਕਰਦੀ ਹੈ। ਕਾਮ ਮਕੈਨਿਕ ਤਮੰਨਾ ਅੱਜ ਦੇ ਸਮੇਂ ਵਿੱਚ ਬਾਕੀ ਲੜਕੀਆਂ ਲਈ ਵੀ ਮਿਸਾਲ ਕਾਇਮ ਕਰ ਰਹੀ ਐ।
ਪੂਰਾ ਘਰ ਵਾਲਾ ਮਾਹੌਲ:ਗੱਲਬਾਤ ਕਰਦਿਆਂ ਗੈਰਾਜ ਉੱਤੇ ਕੰਮ ਕਰਦੀ ਲੜਕੀ ਤਮੰਨਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਹ ਕਿਸੇ ਕੱਪੜੇ ਦੀ ਦੁਕਾਨ ਉੱਤੇ ਕੰਮ ਕਰਦੀ ਸੀ ਪਰ ਉਸ ਦੀ ਸ਼ੁਰੂ ਤੋਂ ਹੀ ਮਕੈਨੀਕਲ ਕੰਮ ਵਿੱਚ ਦਿਲਚਸਪੀ ਸੀ ਜਿਸ ਕਾਰਨ ਉਹ ਕੁਝ ਸਮਾਂ ਪਹਿਲਾਂ ਹੀ ਇਸ ਥਾਂ ਉੱਤੇ ਕੰਮ ਕਰਨ ਲਈ ਆਈ ਹੈ। ਤਮੰਨਾ ਨੇ ਕਿਹਾ ਕਿ ਇੱਥੇ ਉਸ ਨੂੰ ਪੂਰਾ ਘਰ ਵਾਲਾ ਮਾਹੌਲ ਮਿਲਦਾ ਹੈ ਅਤੇ ਗੈਰਾਜ ਉੱਤੇ ਕੰਮ ਕਰਨ ਵਾਲੇ ਹੋਰ ਕਰਮਚਾਰੀ ਅਤੇ ਮਾਲਕ ਉਸ ਨੂੰ ਆਪਣੀਆਂ ਭੈਣਾਂ ਵਾਂਗ ਪੇਸ਼ ਆਉਂਦੇ ਹਨ। ਤਮੰਨਾ ਦਾ ਕਹਿਣਾ ਹੈ ਕਿ ਜੇਕਰ ਇਨਸਾਨ ਦੇ ਦਿੱਲ ਵਿੱਚ ਕੁਝ ਕਰਨ ਦੀ ਇੱਛਾ ਹੋਵੇ ਤਾਂ ਉਸ ਨੂੰ ਮਿਹਨਤ ਕਰਕੇ ਜ਼ਰੂਰ ਪੂਰਾ ਕੀਤਾ ਜਾ ਸਕਦਾ ਹੈ। ਉਸ ਵਲੋਂ ਹੋਰਨਾਂ ਮਹਿਲਾਵਾਂ ਅਤੇ ਲੜਕੀਆਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਸੁਪਨੇ ਜ਼ਰੂਰ ਪੂਰੇ ਕਰਨ।
ਇਹ ਵੀ ਪੜ੍ਹੋ:Controversy again Governor and CM Mann: ਪੰਜਾਬ ਦੇ ਰਾਜਪਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਦਿੱਤੀ ਚਿਤਾਵਨੀ
ਗੈਰਾਜ ਮਾਲਿਕ ਨੇ ਕੀਤੀ ਤਮੰਨਾ ਦੀ ਤਾਰੀਫ਼: ਦੂਜੇ ਪਾਸੇ ਗੈਰਾਜ ਮਾਲਕ ਸਤਿੰਦਰ ਸਿੰਘ ਨੇ ਦੱਸਿਆ ਕਿ ਫਿਲਹਾਲ ਤਮੰਨਾ ਨੂੰ ਗੈਰਾਜ ਉੱਤੇ ਕੰਮ ਕਰਦਿਆਂ ਮਹਿਜ਼ 2 ਮਹੀਨਿਆਂ ਦੇ ਕਰੀਬ ਦਾ ਸਮਾਂ ਹੋਇਆ ਹੈ ਅਤੇ ਇੰਨੇ ਘੱਟ ਸਮੇਂ ਦੌਰਾਨ ਤਮੰਨਾ ਦੀ ਕੰਮ ਵਿੱਚ ਦਿਲਚਸਪੀ ਹੋਣ ਕਾਰਨ ਉਹ ਬਹੁਤ ਕੁਝ ਸਿੱਖ ਚੁੱਕੀ ਹੈ। ਉਸ ਨੇ ਦੱਸਿਆ ਕਿ ਤਮੰਨਾ ਐਕਸੀਡੈਂਟਲ ਗੱਡੀਆਂ ਦੀ ਡੈਂਟਿੰਗ ਅਤੇ ਪੈਂਟਿੰਗ ਦਾ ਕੰਮ ਬਾਖੂਬੀ ਢੰਗ ਨਾਲ ਕਰਦੀ ਹੈ ਅਤੇ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਤਮੰਨਾ ਇਸ ਖਿੱਤੇ ਵਿੱਚ ਹੋਰ ਵੀ ਅੱਗੇ ਵਧੇਗੀ। ਨਾਲ ਹੀ ਉਨ੍ਹਾਂ ਕਿਹਾ ਕਿ ਤਮੰਨਾ ਕੁੱਝ ਸਮਾਂ ਪਹਿਲਾਂ ਉਨ੍ਹਾਂ ਕੋਲ ਜਦੋਂ ਕੰਮ ਮੰਗਣ ਆਈ ਤਾਂ ਉਨ੍ਹਾਂ ਨੂੰ ਪਹਿਲਾਂ ਕਿਸੇ ਕੁੜੀ ਵੱਲੋਂ ਗੈਰਾਜ ਉੱਤੇ ਕੰਮ ਮੰਗਦੇ ਦੇਖਣਾ ਅਜੀਬ ਲੱਗਿਆ ਪਰ ਬਾਅਦ ਵਿੱਚ ਤਮੰਨਾ ਦੀ ਲਗਨ ਅਤੇ ਮਿਹਨਤ ਨਾਲ ਸਭ ਕੁੱਝ ਸੈੱਟ ਹੋ ਗਿਆ। ਉਨ੍ਹਾਂ ਕਿਹਾ ਕਿ ਮੇਰੇ ਸਾਰੇ ਕਰਿੰਦੇ ਤਮੰਨਾ ਨੂੰ ਉਸ ਦੇ ਕੰਮ ਵਿੱਚ ਪੂਰੀ ਮਦਦ ਕਰਦੇ ਹਨ । ਉਨ੍ਹਾਂ ਕਿਹਾ ਕਿ ਤਮੰਨਾ ਉੱਤੇ ਘਰ ਦੀ ਜ਼ਿੰਮੇਵਾਰੀ ਵੀ ਹੈ ਅਤੇ ਇਸ ਦੇ ਮੱਦੇਨਜ਼ਰ ਉਨ੍ਹਾਂ ਵੱਲੋਂ ਹਮੇਸ਼ਾ ਤਮੰਨਾ ਦਾ ਸਮਾਂ ਗੈਰਾਜ ਉੱਤੇ ਸਹੀ ਤਰੀਕੇ ਦਾ ਰੱਖਿਆ ਜਾਂਦਾ ਹੈ ਤਾਂ ਜੋ ਉਸ ਨੂੰ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।