ਹੁਸ਼ਿਆਰਪੁਰ: ਗੜ੍ਹਸ਼ੰਕਰ ਦੇ ਪਿੰਡ ਰਾਮਪੁਰ ਬਿਲੜੋਂ ਦੇ ਵਸਨੀਕਾਂ ਨੇ ਸਾਬਕਾ ਵਿਧਾਇਕ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਦੀ ਅਗਵਾਈ ਹੇਠ ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਜੰਗਲੀ ਰਕਬੇ ਦਾ ਦੌਰਾ ਕੀਤਾ ਅਤੇ ਉਕਤ ਥਾਂ ‘ਤੇ ਪਿੰਡ ਦੀ ਪੰਚਾਇਤ ਵੱਲੋਂ ਹਿਮਾਚਲ ਦੇ ਕਰੈਸ਼ਰ ਚਾਲਕਾਂ ਨੂੰ ਖਣਨ ਸਮੱਗਰੀ ਦੀ ਢੋਆ ਢੁਆਈ ਲਈ ਦਿੱਤੇ ਨਜਾਇਜ਼ ਲਾਂਘੇ ਨੂੰ ਬੰਦ ਕਰਨ ਦੀ ਮੰਗ ਕੀਤੀ। ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਉਕਤ ਲਾਂਘੇ ਨਾਲ ਪਿੰਡ ਦਾ ਜੰਗਲੀ ਰਕਬਾ ਬਰਬਾਦ ਹੋ ਗਿਆ ਹੈ ਅਤੇ ਦੋਹਾਂ ਰਾਜਾਂ ਵਿੱਚ ਨਸ਼ੇ, ਲੱਕੜ ਅਤੇ ਖਣਨ ਸਮੱਗਰੀ ਦੀ ਸ਼ਰੇਆਮ ਤਸਕਰੀ ਹੋ ਰਹੀ ਹੈ ਪਰ ਇਸ ਪਾਸੇ ਕੋਈ ਵੀ ਵਿਭਾਗ ਕਾਰਵਾਈ ਕਰਨ ਤੋਂ ਕੰਨੀਂ ਕਤਰਾ ਰਿਹਾ ਹੈ। Illegal road for Illegal Minning.
ਨਾਜਾਇਜ਼ ਮਾਈਨਿੰਗ ਨੂੰ ਬਣਾਇਆ ਰਾਹ:ਇਸ ਮੌਕੇ ਸਾਬਕਾ ਵਿਧਾਇਕ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਕਿਹਾ ਕਿ ਇਹ ਨਜਾਇਜ਼ ਲਾਂਘਾ ਕਰੈਸ਼ਰ ਚਾਲਕਾਂ ਲਈ ਵਰਦਾਨ ਬਣ ਗਿਆ ਹੈ ਅਤੇ ਇੱਥੋਂ ਖਣਨ ਸਮੱਗਰੀ ਨਾਲ ਲੈ ਕੇ ਨਿਕਲਦੇ ਓਵਰਲੋਡ ਵਾਹਨ ਇਲਾਕੇ ਦੇ ਪਿੰਡਾਂ ਦੀਆਂ ਲਿੰਕ ਸੜਕਾਂ ਦੀ ਭੰਨਤੋੜ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਜੰਗਲੀ ਰਕਬਾ ਜੰਗਲਾਤ ਵਿਭਾਗ ਦੀਆਂ ਦਫਾ 4 ਅਤੇ 5 ਅਧੀਨ ਪੈਂਦੀਆਂ ਸਜ਼ਾਯੋਗ ਧਾਰਾਵਾਂ ਤਹਿਤ ਆਉਂਦਾ ਹੈ। ਜਿੱਥੇ ਕਿ ਕੋਈ ਵੀ ਵਪਾਰਕ ਗਤੀਵਿਧੀ ਨਹੀਂ ਹੋ ਸਕਦੀ ਪਰ ਪਿਛਲੇ ਕਰੀਬ ਚਾਰ ਸਾਲਾਂ ਤੋਂ ਜੰਗਲ ਦੇ ਕੀਮਤੀ ਦਰੱਖਤ ਕੱਟ ਕੇ ਨਜਾਇਜ਼ ਲਾਂਘਾ ਬਣਾਇਆ ਗਿਆ।