ਹੁਸ਼ਿਆਰਪੁਰ: ਕੋਰੋਨਾ ਵਾਇਰਸ ਨੇ ਜਿਥੇ ਹਰੇਕ ਵਰਗ ਦਾ ਕੰਮ ਪ੍ਰਭਾਵਿਤ ਕੀਤਾ ਹੈ, ਹੁਣ ਉੱਥੇ ਹੀ ਇਸ ਦਾ ਪ੍ਰਭਾਵ ਤਿਓਹਾਰਾਂ ਉੱਤੇ ਵੀ ਪੈਣਾ ਸ਼ੁਰੂ ਹੋ ਗਿਆ ਹੈ। ਜੇ ਗੱਲ ਹੁਸ਼ਿਆਰਪੁਰ ਸ਼ਹਿਰ ਦੀ ਕੀਤੀ ਜਾਵੇ ਤਾਂ ਹੁਸ਼ਿਆਰਪੁਰ ਦਾ ਦੁਸਹਿਰਾ ਪੂਰੇ ਉੱਤਰ ਭਾਰਤ ਵਿੱਚ ਪ੍ਰਸਿੱਧ ਹੈ ਤੇ ਹੁਸ਼ਿਆਰਪੁਰ ਦੇ ਦੁਸਹਿਰੇ ਨੂੰ ਦੂਰ-ਦੁਰਾਡੇ ਦੇ ਇਲਾਕਿਆਂ ਤੋਂ ਲੋਕ ਦੇਖਣ ਲਈ ਆਉਂਦੇ ਹਨ। ਪਰ ਇਸ ਵਾਰ ਕੋਰੋਨਾ ਨੇ ਹੁਸ਼ਿਆਰਪੁਰ ਦੇ ਦੁਸ਼ਹਿਰੇ ਦੇ ਰੰਗ ਵੀ ਫਿੱਕੇ ਪਾ ਦਿੱਤੇ ਹਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਵਣ ਬਣਾਉਣ ਵਾਲੇ ਠੇਕੇਦਾਰ ਅੰਸਾਰੀ ਕੁਰੈਸ਼ੀ ਨੇ ਦੱਸਿਆ ਕਿ ਉਹ ਪਿਛਲੇ 15-20 ਸਾਲਾਂ ਤੋਂ ਹੁਸ਼ਿਆਰਪੁਰ ਆ ਕੇ ਕਈ ਪ੍ਰਬੰਧਕ ਕਮੇਟੀਆਂ ਦੇ ਰਾਵਣ ਦੇ ਪੁਤਲੇ ਦੇ ਆਰਡਰਾਂ ਨੂੰ ਪੂਰਾ ਕਰਦਾ ਹੈ। ਉਸ ਨੇ ਦੱਸਿਆ ਕਿ ਉਹ ਆਗਰਾ ਦਾ ਰਹਿਣਾ ਵਾਲਾ ਹੈ ਅਤੇ ਪ੍ਰਬੰਧਕ ਕਮੇਟੀਆਂ ਦੇ ਸੱਦੇ ਉੱਤੇ ਪੰਜਾਬ ਵਿੱਚ ਆਉਂਦੇ ਹਨ।