ਹੁਸ਼ਿਆਰਪੁਰ: ਪੁਲਿਸ ਨੇ ਜਾਅਲੀ ਭਾਰਤੀ ਕਰੰਸੀ ਛਾਪਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਮੌਕੇ 'ਤੇ ਕਥਿਤ ਦੋਸ਼ੀਆਂ ਕੋਲੋਂ ਜਾਅਲੀ ਭਾਰਤੀ ਕਰੰਸੀ ਦੇ ਪੰਜ ਲੱਖ ਰੁਪਏ ਤੋਂ ਵਧੇਰੇ ਦੇ ਨੋਟ ਬਰਾਮਦ ਕੀਤੇ ਗਏ ਹਨ। ਜਾਅਲੀ ਕਰੰਸੀ ਛਾਪਣ ਦੇ ਇਸ ਮਾਮਲੇ ਵਿੱਚ ਪੁਲਿਸ ਨੇ ਚਾਰ ਕਥਿਤ ਦੋਸ਼ੀਆਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਵਿੱਚੋਂ ਇੱਕ ਵਿਅਕਤੀ ਖੁਦ ਨੂੰ ਪੱਤਰਕਾਰ ਦੱਸਦਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐੱਸਪੀ ਸਿਟੀ ਜਗਦੀਸ਼ ਰਾਜ ਅੱਤਰੀ ਨੇ ਦੱਸਿਆ ਕਿ ਪੁਲਿਸ ਨੇ ਜਾਅਲੀ ਕਰੰਸੀ ਛਾਪਣ ਵਿਰੁੱਧ ਸਫਲਤਾ ਹਾਸਲ ਕਰਦੇ ਹੋਏ ਚਾਰ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਜਾਅਲੀ ਕਰੰਸੀ ਦੇ ਇਸ ਗਿਰੋਹ ਨੂੰ ਐਸਐਚਓ ਸਿਟੀ ਗੋਬਿੰਦ ਕੁਮਾਰ ਬੰਟੀ ਦੀ ਅਗਵਾਈ ਵਿੱਚ ਸਪੈਸ਼ਲ ਐਕਸ਼ਨ ਪਲਾਨ ਬਣਾ ਕੇ ਪੁਲਿਸ ਪਾਰਟੀ ਨੇ ਮੁਲਜ਼ਮਾਂ ਨੂੰ ਟੈਗੋਰ ਪਾਰਕ ਦੇ ਸਾਹਮਣੇ ਨਾਕੇ 'ਤੇ ਕਾਬੂ ਕੀਤਾ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਕੋਲੋਂ ਮੌਕੇ 'ਤੇ ਪੰਜ ਲੱਖ 93 ਹਜ਼ਾਰ ਛੇ ਸੋ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ। ਨਾਲ ਹੀ ਭਾਰੀ ਮਾਤਰਾ ਵਿੱਚ ਜਾਅਲੀ ਕਰੰਸੀ ਤਿਆਰ ਕਰਨ ਵਾਲਾ ਪੇਪਰ ਮਟੀਰੀਅਲ ਬਰਾਮਦ ਹੋਇਆ। ਇਸਤੋਂ ਇਲਾਵਾ ਕਥਿਤ ਦੋਸ਼ੀਆਂ ਕੋਲੋਂ ਦੋ ਡਿਜੀਟਲ ਕਲਰ ਪ੍ਰਿੰਟਰ ਸਮੇਤ ਸਕੈਨਰ, ਇੱਕ ਲੈਪਟਾਪ ਅਤੇ ਦੋ ਐਕਟਿਵਾ ਸਕੂਟਰ ਵੀ ਬਰਾਮਦ ਕੀਤੇ ਗਏ ਹਨ।