ਹੁਸ਼ਿਆਰਪੁਰ: ਪਿੰਡ ਮੋਰਾਂਵਾਲੀ ਦੇ ਹਰਭਜਨ ਸਿੰਘ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਸੀ ਜਿਸ ਤੋਂ ਉਨ੍ਹਾਂ ਦੀ ਪਤਨੀ ਪਰਮਜੀਤ ਕੌਰ ਦਾ ਕੋਰੋਨਾ ਵਾਇਰਸ ਟੈਸਟ ਪੌਜ਼ੀਟਿਵ ਆਇਆ ਸੀ। ਉਸ ਤੋਂ ਬਾਅਦ ਉਹ ਹਸਪਤਾਲ ਵਿੱਚ ਇਲਾਜ ਅਧੀਨ ਰਹੇ। ਇੰਨੇ ਦਿਨਾਂ ਬਾਅਦ ਹੁਣ ਕੋਰੋਨਾ 'ਤੇ ਜਿੱਤ ਹਾਸਲ ਕਰਦੇ ਹੋਏ ਹੁਸ਼ਿਆਰਪੁਰ ਦੇ ਸਿਵਲ ਹਸਲਪਤਾਲ ਤੋ ਪਰਮਜੀਤ ਨੂੰ ਛੁੱਟੀ ਮਿਲ ਗਈ ਹੈ।
ਬਿਮਾਰੀ ਤੋ ਮੁੱਕਤ ਹੋਣ ਦੀ ਖੁਸ਼ੀ ਤਾਂ ਸੀ, ਉੱਥੇ ਹੀ ਪਤੀ ਨੂੰ ਗਵਾਉਣ 'ਤੇ ਆਖਰੀ ਪਲਾਂ ਵਿੱਚ ਉਸ ਨੂੰ ਵੇਖ ਨਾ ਸਕਣ ਦਾ ਗਮ ਵੀ ਜਿਸ ਕਾਰਨ ਉਸ ਦੀਆਂ ਅੱਖਾਂ ਭਰ ਆਈਆਂ। ਪਰਮਜੀਤ ਕੌਰ ਨੇ ਸਿਹਤ ਮਹਿਕਮੇ ਦੇ ਕਰਮਚਾਰੀਆਂ ਤੇ ਅਧਿਆਕਾਰੀਆਂ ਦਾ ਧੰਨਵਾਦ ਵੀ ਕੀਤਾ ਕਿ ਉਹ ਸਿਹਤ ਮਹਿਕਮੇ ਦੀ ਦੇਖ ਭਾਲ ਅਤੇ ਇਲਾਜ ਨਾਲ ਠੀਕ ਹੋਈ ਹੈ। ਉਸ ਦੇ ਪੁੱਤਰ ਗੁਰਪ੍ਰੀਤ ਸਿੰਘ ਨੂੰ ਵੀ ਕੋਵਿਡ -19 ਦੀ ਨਾਮਰਾਦ ਬਿਮਾਰੀ ਤੋ ਛੁਟਕਾਰਾ ਮਿਲ ਚੁੱਕਾ ਹੈ।
ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਪਰਮਜੀਤ ਕੌਰ ਉਨ੍ਹਾਂ ਕੋਲ ਕੋਰੋਨਾ ਵਾਇਰਸ ਦਾ ਪੌਜ਼ੀਟਿਵ ਮਾਮਲਾ ਆਇਆ ਸੀ ਤੇ ਨੈਗਟਿਵ ਟੈਸਟ ਆਉਣ 'ਤੇ ਪਰਮਜੀਤ ਨੂੰ ਛੁੱਟੀ ਦੇ ਦਿੱਤੀ ਗਈ ਹੈ। ਸੀਨੀਅਰ ਮੈਡੀਕਲ ਅਫ਼ਸਰ ਨੇ ਕਿਹਾ ਕਿ ਇਨ੍ਹਾਂ ਦੇ ਪਰਿਵਾਰ ਦੇ ਸਾਡੇ ਕੋਲ ਹੋਰ ਦੋ ਮੈਂਬਰ ਹਨ ਇਕ ਇਨ੍ਹਾਂ ਦੀ ਨੂੰਹ ਅਤੇ ਦੂਜੀ ਪਰਮਜੀਤ ਦੀ ਭਰਜਾਈ ਹੈ। ਉਨ੍ਹਾਂ ਦੇ ਟੈਸਟ ਲੈਬ ਨੂੰ ਭੇਜੇ ਹੋਏ ਹਨ ਨੈਗਟਿਵ ਆਉਣ 'ਤੇ ਜਲਦੀ ਹੀ ਉਨ੍ਹਾਂ ਨੂੰ ਵੀ ਡਿਸਚਾਰਜ ਕਰ ਦਿੱਤਾ ਜਾਵੇਗਾ।