ਹੁਸ਼ਿਆਰਪੁਰ: ਪਿੰਡ ਮੋਰਾਂਵਾਲੀ ਦੀ ਨਿਵਾਸੀ ਸੁਰਿੰਦਰ ਕੌਰ (60) ਨੇ ਕੋਰੋਨਾ ਖਿਲਾਫ਼ ਜੰਗ ਜਿੱਤਣ ਵਿੱਚ ਕਾਮਯਾਬ ਹੋ ਗਈ ਹੈ ਅਤੇ ਅੱਜ ਉਸ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਤੋਂ ਘਰ ਲਈ ਰਵਾਨਾ ਕੀਤਾ ਜਾ ਚੁੱਕਾ ਹੈ।
ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਸੁਰਿੰਦਰ ਕੌਰ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਉਜਵਲ ਭਵਿੱਖ ਦੀ ਕਾਮਨਾ ਕੀਤੀ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਕਿਸੇ ਵੀ ਤਰ੍ਹਾਂ ਦੀ ਉਸ ਨੂੰ ਦਿੱਕਤ ਆਉਂਦੀ ਹੈ, ਤਾਂ ਪ੍ਰਸ਼ਾਸ਼ਨ ਪਰਿਵਾਰ ਦੇ ਨਾਲ ਖੜ੍ਹਾ ਹੈ।
ਉਨ੍ਹਾਂ ਦੱਸਿਆ ਕਿ ਸੁਰਿੰਦਰ ਕੌਰ ਤੋਂ ਇਲਾਵਾ ਇਸ ਦੇ ਪਿੰਡ ਦੀ ਗੁਰਪ੍ਰੀਤ ਕੌਰ, ਗੁਰਪ੍ਰੀਤ ਸਿੰਘ ਅਤੇ ਪਰਮਜੀਤ ਕੌਰ ਨੂੰ ਪਹਿਲਾਂ ਹੀ ਠੀਕ ਹੋਣ 'ਤੇ ਘਰ ਭੇਜ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਪਿੰਡ ਪੈਸਰਾਂ ਦੇ ਨਿਵਾਸੀ ਹਰਜਿੰਦਰ ਸਿੰਘ ਵੀ ਕੋਰੋਨਾ 'ਤੇ ਜਿੱਤ ਪ੍ਰਾਪਤ ਕਰ ਚੁੱਕਾ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਨਾਲ ਸਬੰਧਤ ਇਟਲੀ ਤੋਂ ਆਏ ਇੱਕ ਵਿਅਕਤੀ ਗੁਰਦੀਪ ਸਿੰਘ ਜਿਸ ਦਾ ਇਲਾਜ ਅੰਮ੍ਰਿਤਸਰ ਵਿੱਚ ਚੱਲ ਰਿਹਾ ਸੀ, ਵੀ ਠੀਕ ਹੋ ਕੇ ਆਪਣੇ ਪਿੰਡ ਖਨੂਰ ਪਹੁੰਚ ਚੁੱਕਾ ਹੈ। ਸੁਰਿੰਦਰ ਕੌਰ ਸਹਿਤ ਜ਼ਿਲ੍ਹੇ ਨਾਲ ਸਬੰਧਤ 6 ਮਰੀਜ਼ ਪੂਰੀ ਤਰ੍ਹਾਂ ਠੀਕ ਹੋ ਕੇ ਆਪਣੇ ਪਰਿਵਾਰ ਵਿੱਚ ਪਹੁੰਚ ਚੁੱਕੇ ਹਨ।
ਅਪਨੀਤ ਰਿਆਤ ਨੇ ਸਮੁੱਚੇ ਸਿਹਤ ਅਮਲੇ ਦੀ ਹੌਂਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਸਿਹਤ ਵਿਭਾਗ ਵਲੋਂ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਈ ਜਾ ਰਹੀ ਹੈ। ਉਨ੍ਹਾਂ ਉਮੀਦ ਜਤਾਉਂਦਿਆਂ ਕਿਹਾ ਕਿ ਇਕਜੁੱਟਤਾ ਨਾਲ ਹੀ ਕੋਰੋਨਾ ਖਿਲਾਫ ਜੰਗ ਜਿੱਤ ਲਈ ਜਾਵੇਗੀ। ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਹੀ ਕਰਫਿਊ ਲਗਾਇਆ ਗਿਆ ਹੈ, ਇਸ ਲਈ ਘਰ ਰਹੋ ਅਤੇ ਸੁਰੱਖਿਅਤ ਰਹੋ।