ਹੁਸ਼ਿਆਰਪੁਰ:ਪੰਜਾਬ ਸਮੇਤ ਪੂਰਾ ਦੇਸ਼ ਕੋਰੋਨਾ ਦੀ ਭਿਆਨਕ ਬਿਮਾਰੀ ਨਾਲ ਲੜਿਆ ਹੈ। ਇਸ ਦੌਰਾਨ ਕਈ ਲੋਕਾਂ ਦੀਆਂ ਮੌਤਾਂ ਵੀ ਹੋਈਆਂ ਤੇ ਕਈ ਲੋਕਾਂ ਨੇ ਕੋਰੋਨਾ ਦੀ ਇਸ ਬਿਮਾਰੀ 'ਤੇ ਜਿੱਤ ਵੀ ਦਰਜ ਕੀਤੀ। ਲੰਬਾ ਸਮਾਂ ਸੰਘਰਸ਼ ਤੋਂ ਬਾਅਦ ਕੋਰੋਨਾ ਦਾ ਖ਼ਤਰਾ ਕੁਝ ਘੱਟ ਹੋਇਆ ਸੀ ਪਰ ਹੁਣ ਇੱਕ ਵਾਰ ਫਿਰ ਤੋਂ ਕੋਰੋਨਾ ਨੇ ਪੰਜਾਬ 'ਚ ਦਸਤਕ ਦਿੱਤੀ ਹੈ। ਜਿਸ ਦੇ ਚੱਲਦਿਆਂ ਹੁਸ਼ਿਆਰਪੁਰ ਦੇ ਬਲਾਕ ਭੁੰਗਾ ਦੇ ਪਿੰਡ ਸ਼ੇਰਪੁਰ ਦੀ ਮਹਿਲਾ ਦੀ ਕੋਰੋਨਾ ਕਾਰਨ ਜਲੰਧਰ 'ਚ ਇਲਾਜ ਦੌਰਾਨ ਮੌਤ ਹੋ ਗਈ। ਜਿਸ ਤੋਂ ਬਾਅਦ ਸਿਹਤ ਵਿਭਾਗ ਹਰਕਤ 'ਚ ਆ ਗਿਆ ਹੈ।
ਕੋਰੋਨਾ ਨਾਲ ਨਜਿੱਠਣ ਲਈ ਕੀਤੀ ਪੂਰੀ ਤਿਆਰੀ: ਹੁਸ਼ਿਆਰਪੁਰ ਪ੍ਰਸ਼ਾਸਨ ਨੂੰ ਇਸ ਦੀ ਜਾਣਕਾਰੀ ਮਿਲੀ ਤਾਂ ਸਾਰੀ ਟੀਮ ਕੋਰੋਨਾ ਦੇ ਇਸ ਨਵੇਂ ਵੇਰੀਏਂਟ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ, ਜਿਸ ਦੇ ਚੱਲਦਿਆਂ ਸਿਹਤ ਵਿਭਾਗ ਤੋਂ ਮਿਲੀ ਹਦਾਇਤਾਂ ਤੋਂ ਬਾਅਦ ਹੁਸ਼ਿਆਰਪੁਰ ਸਿਵਲ ਹਸਪਤਾਲ 'ਚ ਕੋਰੋਨਾ ਨਾਲ ਨਜਿੱਠਣ ਲਈ ਟੀਮ ਪੱਬਾਂ ਭਾਰ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਕਟਰ ਸਵਾਤੀ ਨੇ ਦੱਸਿਆ ਕਿ ਕੋਰੋਨਾ ਨਾਲ ਨਜਿੱਠਣ ਲਈ ਉਹਨਾਂ ਦੇ ਕੋਲ ਪੂਰੇ ਪ੍ਰਬੰਧ ਹਨ ਅਤੇ ਜੇਕਰ ਆਕਸੀਜਨ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਸਮੇਂ ਦੌਰਾਨ ਆਕਸੀਜਨ ਦੀ ਕਮੀ ਕਾਰਨ ਬਹੁਤ ਦਿੱਕਤ ਆਈ ਸੀ। ਉਸ ਨੂੰ ਵੀ ਇਸ ਵੇਲੇ ਪਹਿਲ ਦੇ ਅਧਾਰ 'ਤੇ ਪੂਰਾ ਕੀਤਾ ਜਾ ਰਿਹਾ ਹੈ।