ਹੁਸ਼ਿਆਰਪੁਰ:ਪਿੰਡ ਕੁੱਕੋਵਾਲ ਦੇ ਵਿਚ ਉਸ ਵਕਤ ਸਥਿਤੀ ਤਣਾਅਪੂਰਨ ਹੋ ਗਈ ਜਦੋਂ ਪਿੰਡ ਦੇ ਹੀ ਦਵਿੰਦਰ ਸਿੰਘ ਖਾਲਸਾ ਨਾਂਅ ਦੇ ਵਿਅਕਤੀ ਨੇ ਗੁਰੂ ਨਾਨਕ ਦਰਬਾਰ (Guru Nanak Darbar) ਵਿਖੇ ਜੋੜ ਮੇਲੇ ਲਈ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਉਣ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਿਜਾਣ ਤੋਂ ਮਨ੍ਹਾ ਕਰ ਦਿੱਤਾ ਅਤੇ ਗੁਰਦੁਆਰਾ ਸਾਹਿਬ ਦੇ ਗੇਟ ਨੂੰ ਤਾਲਾ ਲਗਾ ਦਿੱਤਾ।
ਜਠੇਰਿਆਂ ਦੇ ਅਸਥਾਨ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਿਜਾਣ ਸੰਬੰਧੀ ਭੱਖਿਆ ਵਿਵਾਦ ਇਸ ਬਾਰੇ ਦਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਵਿਚ 1 ਕਨਾਲ 18 ਮਰਲੇ ਥਾਂ ਜਠੇਰਿਆਂ ਦੇ ਨਾਂਅ ‘ਤੇ ਹੈ। ਜਿਸ ਦਾ ਕੇਸ ਕੋਰਟ ਵਿਚ ਚੱਲ ਰਿਹਾ ਹੈ ਅਤੇ ਇਸ ਦੀ ਸਟੇਅ ਵੀ ਮੈਨੂੰ ਮਿਲੀ ਹੋਈ ਹੈ। ਜੋੜ ਮੇਲੇ ਨੂੰ ਲੈ ਕੇ ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਲਿਆ ਕੇ ਗੁਰੂ ਨਾਨਕ ਦਰਬਾਰ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਉਣੇ ਸਨ ਪਰ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (Sri Guru Granth Sahib Ji) ਦੇ ਸਰੂਪ ਲਿਜਾਣ ਤੋਂ ਮਨ੍ਹਾ ਕਰ ਦਿੱਤਾ ਤੇ ਗੁਰਦੁਆਰਾ ਸਾਹਿਬ ਨੂੰ ਤਾਲਾ ਲਗਾ ਦਿੱਤਾ।ਉਨ੍ਹਾਂ ਨੇ ਕਿਹਾ ਹੈ ਕਿ ਇਨ੍ਹਾਂ ਨੂੰ ਪਹਿਲਾਂ ਵੀ ਕਹਿ ਚੁੱਕਾ ਹਾਂ ਕਿ ਜਠੇਰਿਆਂ ਦੇ ਅਸਥਾਨ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨਹੀਂ ਲਿਜਾਏ ਜਾ ਸਕਦੇ।ਉਨ੍ਹਾਂ ਨੇ ਕਿਹਾ ਹੈ ਕਿ ਸ੍ਰੀ ਅਕਾਲ ਤਖਤ ਦੇ ਹੁਕਮ ਵਿਚ ਵੀ ਕਿਹਾ ਗਿਆ ਹੈ ਕਿ ਜਠੇਰਿਆ ਅਤੇ ਪੈਲੇਸਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨਹੀਂ ਲਿਜਾਏ ਜਾ ਸਕਦੇ।
ਗੁਰੂ ਨਾਨਕ ਦਰਬਾਰ ਦੇ ਪ੍ਰਧਾਨ ਅਵਤਾਰ ਸਿੰਘ ਨੇ ਦੱਸਿਆ ਕਿ ਇਹ ਜੰਜੂਆ ਗੋਤਰ ਜਠੇਰਿਆ ਦਾ ਅਸਥਾਨ ਹੈ। 2015 ਵਿਚ ਪਿੰਡ ਦੀ ਪੰਚਾਇਤ ਅਤੇ ਮੋਹਤਬਾਰਾਂ ਦੀ ਮੌਜੂਦਗੀ ਵਿਚ ਇੱਥੇ ਜੋ ਮੱਠ ਸੀ ਉਸ ਨੂੰ ਢਾਹ ਕੇ ਥੜਾ ਸਾਹਿਬ ਬਣਾ ਦਿੱਤਾ ਗਿਆ ਅਤੇ ਇੱਥੇ ਸ੍ਰੀ ਅਖੰਡ ਪਾਠ ਸਾਹਿਬ ਰਖਵਾ ਦਿੱਤੇ ਗਏ। ਪਿੰਡ ਵੱਲੋਂ ਹਰ ਸਾਲ ਇੱਥੇ ਜੋੜ ਮੇਲਾ ਕਰਵਾਇਆ ਜਾਂਦਾ ਹੈ ਅਤੇ ਕਿਸੇ ਵੀ ਵਿਅਕਤੀ ਨੂੰ ਇਤਰਾਜ ਨਹੀਂ ਹੈ। 2019 ਵਿਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਵੀ ਗੁਰੂ ਨਾਨਕ ਦਰਬਾਰ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਕਰਵਾਉਣ ਦੀ ਆਗਿਆ ਦੇ ਦਿੱਤੀ ਸੀ। ਉਨ੍ਹਾਂ ਨੇ ਕਿਹਾ ਹੈ ਕਿ ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲੈਣ ਲਈ ਗਏ ਤਾਂ ਦਵਿੰਦਰ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇਣ ਤੋਂ ਮਨ੍ਹਾ ਕਰਦੇ ਹੋਏ ਗੁਰੂ ਘਰ ਨੂੰ ਤਾਲਾ ਲਗਾ ਦਿੱਤਾ। ਜਿਸ ਤੋਂ ਬਾਅਦ ਅਸੀਂ ਹੋਰ ਥਾਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਿਆ ਕੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਹਨ।
ਵਿਵਾਦ ਬਾਰੇ ਡੀ.ਐੱਸ.ਪੀ ਪ੍ਰੇਮ ਸਿੰਘ ਨੇ ਦੱਸਿਆਂ ਕਿ ਇੱਥੇ ਪਹਿਲਾਂ ਜੰਜੂਆ ਗੋਤਰ ਜਠੇਰੇ ਹੁੰਦੇ ਸਨ ਅਤੇ 2015 ਵਿਚ ਪੰਚਾਇਤ ਨੇ ਮਤਾ ਪਾ ਕੇ ਇਸ ਜਗ੍ਹਾ ਦਾ ਨਾਂ ਗੁਰੂ ਨਾਨਕ ਦਰਬਾਰ ਰੱਖ ਦਿੱਤਾ ਸੀ। ਮਤੇ ‘ਤੇ ਦਵਿੰਦਰ ਸਿੰਘ ਦੇ ਵੀ ਹਸਤਾਖਰ ਹਨ। ਇਸ ਜਗ੍ਹਾ ‘ਤੇ ਸ੍ਰੀ ਅਖੰਡ ਪਾਠ ਸਾਹਿਬ ਕਰਵਾਉਣ ਦੀ ਮਨਜ਼ੂਰੀ ਵੀ ਪ੍ਰਬੰਧਕ ਕਮੇਟੀ ਨੇ ਲਈ ਹੋਈ ਹੈ ਜਿਸ ਦੀ ਕਾਪੀ ਪ੍ਰਧਾਨ ਸਾਹਿਬ ਕੋਲ ਹੈ। ਉਨ੍ਹਾਂ ਦੱਸਿਆ ਕਿ ਦਵਿੰਦਰ ਸਿੰਘ ਨੇ ਜੋ ਕੇਸ ਕੀਤਾ ਹੋਇਆ ਹੈ ਅਤੇ ਜੋ ਸਟੇਅ ਉਸ ਨੂੰ ਮਿਲੀ ਹੋਈ ਹੈ ਉਹ ਬਿਲਡਿੰਗ ਦੀ ਹੈ ਜਦਕਿ ਇਸ ਜਗ੍ਹਾ ਦਾ ਨਾਂਅ ਬਦਲ ਕੇ ਵੀ ਗੁਰੂ ਨਾਨਕ ਦਰਬਾਰ ਰੱਖ ਦਿੱਤਾ ਗਿਆ ਹੈ। ਇਸ ਲਈ ਕਿਸੇ ਨੂੰ ਵੀ ਕੋਈ ਇਤਰਾਜ ਨਹੀਂ ਹੋਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਜਿੰਨੀ ਦੇਰ ਸ੍ਰੀ ਅਖੰਡ ਪਾਠਾਂ ਦੀ ਲੜੀ ਸਮਾਪਤ ਨਹੀਂ ਹੁੰਦੀ ਪੁਲਿਸ ਮੁਲਾਜ਼ਮ 24 ਘੰਟੇ ਇੱਥੇ ਤਾਇਨਾਤ ਰਹਿਣਗੇ।
ਇਹ ਵੀ ਪੜੋ:ਸੈਂਕੜੇ ਟਰੈਕਟਰ ਟਰਾਲੀਆਂ ਨਾਲ ਬਿਆਸ ਤੋਂ ਕਿਸਾਨਾਂ ਦਾ ਜੱਥਾ ਰਵਾਨਾ