ਹੁਸ਼ਿਆਰਪੁਰ :ਪੰਜਾਬ ਵਿੱਚ ਗਰੀਬ ਸਿੱਖਾਂ ਦਾ ਰਾਜ ਬਸਪਾ ਲਿਆਵੇਗੀ। ਬਸਪਾ ਵਲੋਂ ਗਰੀਬਾਂ, ਦਲਿਤਾਂ ਤੇ ਪਿਛੜੇ ਵਰਗਾਂ ਦੀ ਲਾਮਬੰਦੀ ਲਈ ਸੂਬਾ ਪੱਧਰੀ ਸੰਵਿਧਾਨ ਬਚਾਓ ਮਹਾਂ ਪੰਚਾਇਤ ਮਹਾਂ ਰੈਲੀ 9 ਅਕਤੂਬਰ ਨੂੰ ਬਸਪਾ ਦੇ ਬਾਨੀ ਸਾਹਿਬ ਕਾਂਸ਼ੀ ਰਾਮ ਦੇ ਪਰੀਨਿਰਵਾਣ ਦਿਵਸ ਮੌਕੇ ਹੁਸ਼ਿਆਰਪਰ ਵਿਖੇ ਕੀਤੀ ਜਾਵੇਗੀ। ਬਸਪਾ ਦੇ ਰਾਸ਼ਟਰੀ ਕੋਆਰਡੀਨੇਟਰ ਆਕਾਸ਼ ਆਨੰਦ ਇਸ ਰੈਲੀ ਵਿੱਚ ਮੁੱਖ ਮਹਿਮਾਨ ਹੋਣਗੇ।
ਅਕਾਸ਼ ਆਨੰਦ ਲੈਣਗੇ ਰੈਲੀ ਵਿੱਚ ਹਿੱਸਾ :ਇਸ ਬਾਰੇ ਜਾਣਕਾਰੀ ਦਿੰਦਿਆਂ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਆਕਾਸ਼ ਆਨੰਦ ਨੇ ਪੂਰੇ ਦੇਸ਼ ਵਿੱਚ ਬਹੁਜਨ ਸਮਾਜ ਨੂੰ ਲਾਮਬੰਦ ਕਰਨ ਲਈ ਰੈਲੀਆਂ, ਕੇਡਰ ਕੈਂਪਾਂ ਤੇ ਪੈਦਲ ਯਾਤਰਾਵਾਂ ਦੀ ਅਨੰਤ ਲੜੀ ਨਾਲ ਬਸਪਾ ਕੇਡਰ ਵਿੱਚ ਜੋਸ਼ ਦਾ ਸੰਚਾਰ ਕੀਤਾ ਹੈ। ਆਨੰਦ ਨੇ ਪਿੱਛਲੇ ਮਹੀਨੇ ਵਿੱਚ ਹੀ ਤੇਲੰਗਾਨਾ, ਛਤੀਸਗੜ੍ਹ, ਮੱਧਪ੍ਰਦੇਸ਼, ਰਾਜਸਥਾਨ, ਦਿੱਲੀ ਤੇ ਹਰਿਆਣਾ ਸੂਬਿਆਂ ਵਿਚ ਵੱਡੇ-ਵੱਡੇ ਪ੍ਰੋਗਰਾਮ ਕੀਤੇ ਹਨ। ਪੰਜਾਬ ਵਿੱਚ ਇਹ ਆਨੰਦ ਦੀ ਦੂਜੀ ਰੈਲੀ ਹੈ, ਪਿਛਲੀ ਰੈਲੀ 2021 ਵਿੱਚ ਫਗਵਾੜਾ ਵਿਖੇ ਵਿਸ਼ਾਲ ਅਲਖ ਜਗਾਓ ਰੈਲੀ ਵਿਚ ਵੀ ਉਨ੍ਹਾਂ ਨੇ ਹਾਜ਼ਰੀ ਭਰੀ ਸੀ।