ਹੁਸ਼ਿਆਰਪੁਰ: ਸ਼ਨੀਵਾਰ ਨੂੰ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲੇ 'ਚ ਕੰਟਰੋਲ ਰੇਖਾ (ਐੱਲ.ਓ.ਸੀ.) ਦੇ ਨਾਲ-ਨਾਲ ਇਕ ਚੌਕੀ ਨੇੜੇ ਗਸ਼ਤ ਦੌਰਾਨ ਬਾਰੂਦੀ ਸੁਰੰਗ ਦੇ ਧਮਾਕੇ 'ਚ ਇਕ ਅਧਿਕਾਰੀ ਸਮੇਤ ਫੌਜ ਦੇ ਦੋ ਜਵਾਨਾਂ ਦੀ ਮੌਤ ਹੋ ਗਈ ਸੀ। ਇਨ੍ਹਾਂ ਸ਼ਹੀਦ ਹੋਏ ਜਵਾਨਾਂ ’ਚ ਸਿਪਾਹੀ ਮਨਜੀਤ ਸਿੰਘ ਵੀ ਸ਼ਾਮਲ ਸਨ। ਜਿਨ੍ਹਾਂ ਨੇ ਦੇਸ਼ ਦੀ ਸੇਵਾ ਅਤੇ ਰੱਖਿਆ ਕਰਦਿਆਂ ਆਪਣੀ ਜਾਨ ਕੁਰਬਾਨ ਕਰ ਦਿੱਤੀ।
ਦੱਸ ਦਈਏ ਕਿ ਸ਼ਹੀਦ ਸਿਪਾਹੀ ਮਨਜੀਤ ਸਿੰਘ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਪਿੰਡ ਖੇੜਾ ਕੋਟਲੀ (ਤਹਿਸੀਲ ਦਸੂਹਾ) ਵਿਖੇ ਪਹੁੰਚੀ ਜਿੱਥੇ ਉਨ੍ਹਾਂ ਦਾ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਸਸਕਾਰ ਕੀਤਾ ਗਿਆ। ਇਸ ਦੌਰਾਨ ਪਰਿਵਾਰ ਵਾਲਿਆਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ। ਪਰ ਪਰਿਵਾਰ ਨੂੰ ਉਨ੍ਹਾਂ ’ਤੇ ਮਾਨ ਵੀ ਹੈ।
ਜ਼ਿਲ੍ਹਾ ਹੁਸ਼ਿਆਰਪੁਰ ਪਿੰਡ ਖੇੜਾ ਕੋਟਲੀ (ਤਹਿਸੀਲ ਦਸੂਹਾ) ਦਾ ਰਹਿਣ ਵਾਲਾ 17 ਸਿੱਖ ਰੈਜ਼ੀਮੈਂਟ ਨਾਲ ਸਬੰਧਤ ਸਿਪਾਹੀ ਮਨਜੀਤ ਸਿੰਘ, ਜਿਸ ਦਾ ਅਜੇ ਵਿਆਹ ਵੀ ਨਹੀਂ ਹੋਇਆ ਸੀ ਅਤੇ ਉਹ ਆਪਣੇ ਪਿੱਛੇ ਮਾਤਾ-ਪਿਤਾ, ਚਾਰ ਭੈਣਾਂ ਅਤੇ ਇੱਕ ਭਰਾ ਛੱਡ ਗਿਆ ਹੈ।