ਹੁਸ਼ਿਆਰਪੁਰ: ਵੀਰਵਾਰ ਨੂੰ ਹੁਸ਼ਿਆਰਪੁਰ ਵਿੱਚ ਓਬੀਸੀ ਮੋਰਚਾ ਪੰਜਾਬ ਵੱਲੋਂ ਸੂਬੇ ਦੀ ਮੌਜੂਦਾ ਸਰਕਾਰ ਵਿਰੁੱਧ ਰੋਸ ਮੁਜ਼ਾਹਰਾ ਕੀਤਾ ਤੇ ਜਮ ਕੇ ਨਾਅਰੇਬਾਜ਼ੀ ਕੀਤੀ। ਇਸ ਪ੍ਰਦਰਸ਼ਨ ਵਿੱਚ ਭਾਜਪਾ ਆਗੂਆਂ ਤੇ ਵਰਕਰਾਂ ਨੇ ਵੀ ਹਿੱਸਾ ਲਿਆ।
ਸਾਬਕਾ ਕੈਬਿਨੇਟ ਮੰਤਰੀ ਤੀਕਸ਼ਨ ਸੂਦ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਐਕਸਾਈਜ਼ ਵਿਭਾਗ ਦੇ ਮੁਖੀ ਹੋਣ ਦੇ ਨਾਲ-ਨਾਲ ਪੁਲਿਸ ਵਿਭਾਗ ਦੇ ਵੀ ਮੁਖੀ ਹਨ। ਉਨ੍ਹਾਂ ਨੇ ਕਿਹਾ ਕਿ ਕੈਪਟਨ ਦੀ ਸਰਕਾਰ 130 ਕਤਲਾਂ ਦਾ ਭਾਰ ਢੋਂ ਰਹੀ ਹੈ, ਜੋ ਕਿ ਜ਼ਹਿਰੀਲੀ ਸ਼ਰਾਬ ਨਾਲ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜ਼ਹਿਰੀਲੀ ਸ਼ਰਾਬ ਨਾਲ ਹੋਏ ਕਤਲ ਵਿੱਚ ਕਾਂਗਰਸ ਸਰਕਾਰ ਤੇ ਉਨ੍ਹਾਂ ਦੇ ਮੰਤਰੀ ਜ਼ਿੰਮੇਵਾਰ ਹਨ। ਉਨ੍ਹਾਂ ਨੇ ਕਿਹਾ ਕਿ ਹੁਣ ਸਰਕਾਰ ਲੋਕਾਂ ਦਾ ਇਸ ਮਾਮਲੇ ਤੋਂ ਧਿਆਨ ਨੂੰ ਡਿਵਰਟ ਕਰਨ ਲਈ ਵਿਦਿਆਰਥੀਆਂ ਨੂੰ ਫੋਨ ਦੇ ਰਹੀ ਹੈ। ਫੋਨ ਵੀ 3ਜੀ ਹਨ, ਜਦਕਿ ਕੈਪਟਨ ਸਰਕਾਰ ਨੇ ਪੰਜਾਬ ਸੂਬੇ ਦੇ ਹਰ ਨੌਜਵਾਨ ਨੂੰ ਸਮਾਰਟ ਫੋਨ ਦੇਣ ਦਾ ਵਾਅਦਾ ਕੀਤਾ ਸੀ ਜਿਸ 'ਚੋਂ ਹੁਣ ਕੈਪਟਨ ਸਰਕਾਰ ਸਿਰਫ਼ ਵਿਦਿਆਰਥੀਆਂ ਨੂੰ ਸਮਾਰਟ ਫੋਨ ਦੇ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਸਵਾ ਸੋ ਕਰੋੜ ਯੂਥ ਹੈ। ਉਹ ਸਾਰੇ ਹੀ ਇਸ ਸਮਾਰਟ ਫੋਨ ਦੇ ਹੱਕਦਾਰ ਹਨ।