ਹੁਸ਼ਿਆਰਪੁਰ: ਪੂਰਬੀ ਲੱਦਾਖ 'ਚ ਚੀਨ ਅਤੇ ਭਾਰਤ ਦੇ ਫੌਜੀਆਂ ਵਿੱਚਕਾਰ ਹੋਈ ਝੜਪ 'ਚ 20 ਜਵਾਨ ਸ਼ਹੀਦ ਹੋ ਗਏ ਸਨ। ਇਸ ਘਟਨਾ ਤੋਂ ਬਾਅਦ ਪੂਰੇ ਦੇਸ਼ ਵਿੱਚ ਰੋਸ ਪਾਇਆ ਜਾ ਰਿਹਾ ਹੈ। ਹੁਸ਼ਿਆਰਪੁਰ ਵਿੱਚ ਬੇਗਮਪੁਰਾ ਟਾਈਗਰ ਫੋਰਸ ਨੇ ਵੀ ਚੀਨ ਦਾ ਪੁਤਲਾ ਫੂਕ ਕੇ ਇਸ ਮਾਮਲੇ ਵਿੱਚ ਰੋਸ ਪ੍ਰਗਾਇਆ ਹੈ। ਫੋਰਸ ਨੇ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ ਅਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਯੋਗ ਸਹਾਇਤਾ ਦੇਣ ਦੀ ਵੀ ਮੰਗ ਕੀਤੀ।
ਬੇਗਮਪੁਰਾ ਟਾਈਗਰ ਫੋਰਸ ਨੇ ਚੀਨ ਦਾ ਪੁਤਲਾ ਫੂਕ ਕੇ ਕੀਤਾ ਵਿਰੋਧ ਪ੍ਰਦਰਸ਼ਨ ਬੇਗਮਪੁਰਾ ਟਾਈਗਰ ਫੋਰਸ ਦੇ ਕਾਰਕੁੰਨਾਂ ਨੇ ਅੰਬੇਦਕਰ ਚੌਕ ਵਿੱਚ ਚੀਨ ਦੀ ਸਰਕਾਰ ਦਾ ਪੁਤਲਾ ਫੂਕਿਆ ਕੇ ਆਪਣੇ ਰੋਸ ਨੂੰ ਜਾਹਿਰ ਕੀਤਾ। ਬੇਗਮਪੁਰਾ ਟਾਈਗਰ ਫੋਰਸ ਨੇ ਚੀਨ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਇਨ੍ਹਾਂ ਦਾ ਕਹਿਣਾ ਸੀ ਕਿ ਚੀਨ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ। ਬੇਗਮਪੁਰਾ ਟਾਈਗਰ ਫੋਰਸ ਨੇ ਮੰਗ ਕੀਤੀ ਕਿ ਚੀਨ ਵਿਰੁੱਧ ਭਾਰਤ ਸਰਕਾਰ ਸਖ਼ਤ ਫੈਸਲਾ ਲਵੇ।
ਇਸ ਮੌਕੇ ਬੇਗਮਪੁਰਾ ਟਾਈਗਰ ਫੋਰਸ ਕੌਮੀ ਪ੍ਰਧਾਨ ਅਸ਼ੋਕ ਨੇ ਕਿਹਾ ਕਿ ਚੀਨ ਨੇ ਹਰ ਵਾਰ ਧੋਖੇ ਨਾਲ ਪਿੱਠ 'ਤੇ ਵਾਰ ਕਰਕੇ ਇਹ ਸਾਬਤ ਕੀਤਾ ਹੈ ਕਿ ਉਹ ਦੋਸਤੀ ਦੇ ਕਾਬਿਲ ਨਹੀਂ ਹੈ। ਇਸ ਦੇ ਬਾਵਜੂਦ ਵੀ ਦੇਸ਼ ਆਜ਼ਾਦ ਹੋਣ ਤੋਂ ਬਾਅਦ ਹੁਣ ਤੱਕ ਸਾਡੇ ਰਾਜਨੀਤਿਕ ਆਗੂ ਉਸ ਦੇ ਝਾਂਸੇ ਵਿੱਚ ਕਿਉਂ ਆ ਰਹੇ ਹਨ। ਚੀਨ ਨੇ ਅਨੇਕਾਂ ਵਾਰ ਸਾਡੇ ਨਾਲ ਗਦਾਰੀ ਕੀਤੀ ਹੈ। ਇਸ ਵਾਰ ਸਾਡੇ ਦੇਸ਼ ਦੇ 20 ਜਵਾਨ ਸ਼ਹੀਦ ਹੋ ਗਏ ਪੂਰਾ ਦੇਸ਼ ਉਨ੍ਹਾਂ ਦੀ ਸ਼ਹਾਦਤ ਨੂੰ ਸੱਜਦਾ ਕਰਦਾ ਹੈ।
ਪ੍ਰਦਰਸ਼ਨ ਦੌਰਾਨ ਫੋਰਸ ਦੇ ਸੂਬਾ ਪ੍ਰਧਾਨ ਤਾਰਾ ਚੰਦ ਨੇ ਕਿਹਾ ਕਿ ਇਸ ਘਟਨਾ ਦਾ ਜਵਾਬ ਦੇਣ ਲਈ ਪੂਰਾ ਭਾਰਤ ਆਪਣੇ ਫੌਜੀ ਜਵਾਨਾਂ ਨਾਲ ਖੜ੍ਹਾ ਹੈ। ਫ਼ੌਜੀ ਚੀਨ ਨਾਲ ਮੋਰਚੇ 'ਤੇ ਆਹਮਣੇ ਸਾਹਮਣੇ ਯੁੱਧ ਲੜ ਰਹੇ ਹਨ ਤਾਂ ਸਾਨੂੰ ਵੀ ਚੀਨੀ ਸਮਾਨ ਦਾ ਬਾਈਕਾਟ ਕਰਕੇ ਭਾਰਤ ਵਿੱਚੋਂ ਚੀਨ ਨੂੰ ਹੋ ਰਹੇ ਵਪਾਰਿਕ ਫਾਇਦੇ ਨੂੰ ਨੁਕਸਾਨ ਵਿੱਚ ਬਦਲ ਕੇ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਸਾਡੇ ਰਾਜਨੀਤਕ ਆਗੂ ਭਾਵੇਂ ਉਹ ਕਿਸੇ ਵੀ ਪਾਰਟੀ ਦੇ ਹੋਣ ਫੌਜੀਆਂ ਦੀ ਸ਼ਹਾਦਤ ਤੋਂ ਬਾਅਦ ਵੀ ਰਾਜਨੀਤੀ ਕਰਨ ਤੋਂ ਬਾਜ ਨਹੀਂ ਆ ਰਹੇ। ਸਰਕਾਰ ਨੂੰ ਤੁਰੰਤ ਫੈਸਲਾ ਲੈ ਕੇ ਚੀਨ ਦੇ ਸਾਮਾਨ ਦੀ ਭਾਰਤ ਵਿੱਚ ਆਮਦ 'ਤੇ ਰੋਕ ਲਗਾ ਦੇਣੀ ਚਾਹੀਦੀ ਹੈ। ਹਾਲੇ ਤੱਕ ਇਸ ਦਾ ਕੋਈ ਫੈਸਲਾ ਨਹੀਂ ਲਿਆ ਗਿਆ ਕਿਉਂਕਿ ਜ਼ਿਆਦਾਤਰ ਚੀਨ ਨਾਲ ਵਪਾਰਕ ਸਾਂਝ ਰਾਜਨੀਤਿਕ ਆਗੂਆਂ ਦੀ ਨਿੱਜੀ ਹੈ। ਇਸੇ ਲਈ ਦੇਸ਼ ਹਿੱਤ ਨੂੰ ਪਿੱਛੇ ਰੱਖ ਕੇ ਆਪਣੇ ਹਿੱਤ ਬਾਰੇ ਸੋਚਿਆ ਜਾ ਰਿਹਾ ਹੈ ।