ਹੁਸ਼ਿਆਰਪੁਰ: ਮਾਹਿਲਪੁਰ ਸ਼ਹਿਰ ਦੀ ਚੰਡੀਗੜ੍ਹ ਰੋਡ ’ਤੇ ਸਥਿਤ ਬੈਂਕ ਆਫ਼ ਬੜੌਦਾ ਦੀ ਬਰਾਂਚ ਨੂੰ ਭੇਦਭਰੀ ਹਾਲਤ ਵਿਚ ਅੱਗ ਲੱਗੀ ਹੈ। ਲੋਕਾਂ ਨੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰੰਤੂ ਸਫ਼ਲ ਨਾ ਹੋਏ। ਮਾਹਿਲਪੁਰ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਹੁਸ਼ਿਆਰਪੁਰ ਅਤੇ ਪੇਪਰ ਮਿੱਲ ਸੈਲਾਂ ਤੋਂ ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਵਾ ਕੇ ਇੱਕ ਘੰਟੇ ਦੀ ਜੱਦੋ ਜਹਿਦ ਬਾਅਦ ਅੱਗ ’ਤੇ ਕਾਬੂ ਪਾਇਆ। ਮਾਮਲਾ ਉਸ ਸਮੇਂ ਗੰਭੀਰ ਹੋ ਗਿਆ ਜਦੋਂ ਕਵਰੇਜ ਕਰਨ ਗਏ ਪੱਤਰਕਾਰਾਂ ਨਾਲ ਬੈਂਕ ਦਾ ਮੈਨੇਜਰ ਉਲਝ ਗਿਆ ਅਤੇ ਬੈਂਕ ਅੰਦਰ ਜਾਣ ਤੋਂ ਰੋਕ ਕੇ ਪੱਤਰਕਾਰਾਂ ਦੇ ਕੈਮਰੇ ਵੀ ਖ਼ੋਹਣ ਦੀ ਕੋਸ਼ਿਸ਼ ਕੀਤੀ। ਮਾਹਿਲਪੁਰ ਪੁਲਿਸ ਨੇ ਦਖ਼ਲ ਅੰਦਾਜ਼ੀ ਕਰਕੇ ਮਾਮਲਾ ਸੁਲਝਾਇਆ।
ਪ੍ਰਾਪਤ ਜਾਣਕਾਰੀ ਅਨੁਸਾਰ ਸਵੇਰੇ ਪੰਜ ਵਜੇ ਦੇ ਕਰੀਬ ਮਾਹਿਲਪੁਰ ਵਿਖ਼ੇ ਸਥਿਤ ਬੈਂਕ ਆਫ਼ ਬੜੌਦਾ ਦੀ ਬਰਾਂਚ ਨੂੰ ਅੱਗ ਲੱਗ ਗਈ। ਬੈਂਕ ਦੇ ਉੱਪਰ ਬਣੇ ਚੁਬਾਰੇ ਵਿਚ ਸੁੱਤੇ ਪਏ ਇੱਕ ਵਿਅਕਤੀ ਨੇ ਧੂੰਆ ਨਿੱਕਲਦਾ ਦੇਖ਼ ਰੌਲਾ ਪਾਇਆ। ਲੋਕਾਂ ਨੇ ਇੱਕਠੇ ਹੋ ਕੇ ਸ਼ਟਰ ਖੋਲ੍ਹ ਕੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰੰਤੂ ਅਸਫ਼ਲ ਰਹੇ। ਥਾਣਾ ਮੁਖੀ ਮਾਹਿਲਪੁਰ ਬਲਵਿੰਦਰ ਪਾਲ ਨੇ ਮੌਕੇ ’ਤੇ ਪਹੁੰਚ ਕੇ ਹੁਸ਼ਿਆਰਪੁਰ ਅਤੇ ਕੁਆਂਟਮ ਪੇਪਰ ਮਿੱਲ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਵਾ ਕੇ ਅੱਗ ’ਤੇ ਕਾਬੂ ਪਾਇਆ।