ਹੁਸ਼ਿਆਰਪੁਰ: ਪੰਜਾਬ ਦੇ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਕਾਰ 'ਤੇ ਟਾਂਡਾ ਵਿਖੇ ਹਮਲਾ ਹੋਇਆ ਹੈ। ਹਮਲੇ ਵਿੱਚ ਕਾਰ ਦੇ ਸ਼ੀਸ਼ੇ ਟੁੱਟ ਗਏ ਹਨ। ਦੱਸ ਦਈਏ ਕਿ ਇਸ ਘਟਨਾ ਵਿੱਚ ਅਸ਼ਵਨੀ ਸ਼ਰਮਾ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਪਹੁੰਚਿਆ ਹੈ।
ਪੰਜਾਬ ਭਾਜਪਾ ਪ੍ਰਧਾਨ ਜਲੰਧਰ ਵਿੱਚ ਇੱਕ ਮੀਟਿੰਗ 'ਚ ਹਿੱਸਾ ਲੈਣ ਉਪਰੰਤ ਵਾਪਿਸ ਜਾ ਰਹੇ ਸਨ, ਜਿਸ ਦੌਰਾਨ ਇਹ ਹਮਲਾ ਹੋਇਆ। ਇਸ ਘਟਨਾ ਤੋਂ ਬਾਅਦ ਭਾਜਪਾ ਵਰਕਰਾਂ ਨੇ ਦਸੂਹਾ ਵਿਖੇ ਹਾਈਵੇ ਨੂੰ ਜਾਮ ਕਰ ਦਿੱਤਾ ਹੈ।
ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਕਾਰ 'ਤੇ ਹੋਇਆ ਹਮਲਾ ਘਟਨਾ ਮਗਰੋਂ ਅਸ਼ਵਨੀ ਸ਼ਰਮਾ ਨੇ ਦੱਸਿਆ ਕਿ ਜਲੰਧਰ ਬਾਈਪਾਸ ਤੋਂ ਹੀ ਉਨ੍ਹਾਂ ਨੂੰ ਲੱਗ ਰਿਹਾ ਸੀ ਕਿ 2 ਕਾਰਾਂ ਉਨ੍ਹਾਂ ਦਾ ਪਿੱਛਾ ਕਰ ਰਹੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਟੋਲ ਪਲਾਜ਼ਾ ਵਾਲਿਆਂ ਨਾਲ ਪਿੱਛਾ ਕਰ ਰਹੇ ਕਾਰ ਵਾਲਿਆਂ ਦਾ ਸੰਪਰਕ ਹੋਇਆ, ਜਿਸ ਨਾਲ ਉਨ੍ਹਾਂ ਨੂੰ ਮੇਰੇ ਬਾਰੇ ਪਤਾ ਲੱਗਿਆ। ਸ਼ਰਮਾ ਨੇ ਦੱਸਿਆ ਕਿ ਇਸ ਮਗਰੋਂ ਹਮਲਾਵਰਾਂ ਨੇ ਗੱਡੀ 'ਤੇ ਹਮਲਾ ਕਰ ਦਿੱਤਾ।
ਹੋਰ ਬੋਲਦੇ ਹੋਏ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੂੰ ਲਗਦਾ ਹੈ ਕਿ ਇਹ ਹਮਲਾ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਤਾਰਪੀਟੋ ਕਰਨ ਲਈ ਕੀਤਾ ਗਿਆ ਹੈ। ਸੂਚਨਾ ਮਿਲਣ 'ਤੇ ਟਾਂਡਾ ਦੇ ਡੀਐੱਸਪੀ ਦਲਜੀਤ ਸਿੰਘ ਮੌਕੇ 'ਤੇ ਪਹੁੰਚੇ।
ਭਾਜਪਾ ਦੇ ਕੌਮੀ ਜਨਰਲ ਸਕੱਤਰ ਨੇ ਇਸ ਘਟਨਾ ਤੋਂ ਟਵੀਟ ਕਰ ਲਿਖਿਆ,"ਕਿਸਾਨ ਭਰਾਵਾਂ ਨੂੰ ਰੱਬ ਸਮਝਦੀ ਹੈ ਅਤੇ ਪੈਰੋਕਾਰ ਹਮਲਾ ਨਹੀਂ ਕਰਦਾ, ਯੂਥ ਕਾਂਗਰਸ ਵੱਲੋਂ ਪੰਜਾਬ ਸਰਕਾਰ ਦੇ ਇਸ਼ਾਰੇ ’ਤੇ ਪੰਜਾਬ ਪ੍ਰਧਾਨ ਸ਼੍ਰੀ ਅਸ਼ਵਨੀ ਸ਼ਰਮਾ ਤੇ ਹਮਲਾ ਕੀਤਾ ਗਿਆ ਹੈ। ਸ਼ੁਰੂ ਤੋਂ ਹੀ ਰਾਜਨੀਤਿਕ ਪਾਰਟੀਆਂ ਕਿਸਾਨੀ ਲਹਿਰ ਨੂੰ ਲੈ ਕੇ ਰਾਜਨੀਤਿਕ ਖਾਮੀਆਂ ਖੇਡਦੀਆਂ ਆ ਰਹੀਆਂ ਹਨ।"
ਇਸ ਘਟਨਾ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਟਵੀਟ ਕਰ ਇਸ ਘਟਨਾ ਦੀ ਨਿਖੇਦੀ ਕੀਤੀ ਹੈ। ਉਨ੍ਹਾਂ ਲਿਖਿਆ ਕਿ ਇਸ ਘਟਨਾ ਵਿੱਚ ਕਾਂਗਰਸ ਦੇ ਸ਼ਾਮਿਲ ਹੋਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ।
ਇਸ ਦੇ ਨਾਲ ਹੀ ਉਨ੍ਹਾਂ ਮੁੱਖ ਮੰਤਰੀ ਦੇ ਹਵਾਲੇ ਤੋਂ ਪੰਜਾਬ ਦੇ ਡੀਜੀਪੀ ਨੂੰ ਦੋਸ਼ੀਆਂ ਦੇ ਖ਼ਿਲਾਫ਼ ਜਲਦ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ।