ਹੁਸ਼ਿਆਰਪੁਰ: ਪੰਜਾਬ ਸਰਕਾਰ ਵੱਲੋਂ ਕੋਰੋਨਾ ਮਰੀਜ਼ਾਂ ਦੇ ਲਈ ਪੁਖ਼ਤਾ ਪ੍ਰਬੰਧਾਂ ਦੇ ਦਾਅਵੇ ਕੀਤੇ ਜਾ ਰਹੇ ਹਨ। ਪਰ ਇਨ੍ਹਾਂ ਦਾਅਵਿਆਂ ਦੀ ਪੋਲ੍ਹ ਖੋਲਦਾ ਹੁਸ਼ਿਆਰਪੁਰ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ। ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਵਿਖੇ ਇੱਕ ਫ਼ੈਕਟਰੀ ਦੇ ਕਰਮਚਾਰੀ ਨੂੰ ਹਸਪਤਾਲ ਦੀ ਐਂਬੂਲੈਂਸ ਰਾਹੀਂ ਕੋਰੋਨਾ ਟੈਸਟ ਵਾਸਤੇ ਲਿਆਂਦਾ ਗਿਆ ਸੀ, ਪਰ ਉਸ ਦੀ ਵਾਪਸੀ ਦਾ ਕੋਈ ਵੀ ਪ੍ਰਬੰਧ ਨਹੀਂ ਹੈ।
ਕੋਰੋਨਾ ਪੌਜ਼ੀਟਿਵ ਮਰੀਜ਼ ਨਰਿੰਦਰ ਕੁਮਾਰ ਨੇ ਦੱਸਿਆ ਕਿ ਉਹ ਜਿਸ ਫ਼ੈਕਟਰੀ ਵਿੱਚ ਕੰਮ ਕਰਦਾ ਹੈ, ਉਥੇ ਇੱਕ ਕਰਮਚਾਰੀ ਕੋਰੋਨਾ ਪੌਜ਼ੀਟਿਵ ਪਾਇਆ ਗਿਆ ਸੀ, ਜਿਸ ਤੋਂ ਬਾਅਦ ਉਸ ਨੇ ਵੀ ਆਪਣਾ ਕੋਰੋਨਾ ਟੈਸਟ ਕਰਵਾਉਣਾ ਉੱਚਿਤ ਸਮਝਿਆ।
ਹੁਸ਼ਿਆਰਪਰ ਵਿਖੇ ਕੋਰੋਨਾ ਪੌਜ਼ੀਟਿਵ ਮਰੀਜ਼ ਨੂੰ ਟੈਕਸੀ ਰਾਹੀਂ ਘਰ ਜਾਣ ਲਈ ਕਿਹਾ ਜਿਸ ਤੋਂ ਬਾਅਦ ਸਿਵਲ ਹਸਪਤਾਲ ਦੀ ਐਂਬੂਲੈਂਸ ਨੇ ਉਸ ਨੂੰ ਹਸਪਤਾਲ ਵਿਖੇ ਲਿਆਂਦਾ ਅਤੇ ਉਸ ਦਾ ਕੋਰੋਨਾ ਟੈਸਟ ਕੀਤਾ ਗਿਆ ਅਤੇ ਉਸ ਦੀ ਰਿਪੋਰਟ ਪੌਜ਼ੀਟਿਵ ਪਾਈ ਗਈ ਹੈ। ਉਸ ਦੇ ਨਾਲ ਹੀ ਉਸ ਦੇ ਬੱਚੇ ਅਤੇ ਉਸ ਦੀ ਪਤਨੀ ਵੀ ਪੌਜ਼ੀਟਿਵ ਪਾਈ ਗਈ ਹੈ, ਹਸਪਤਾਲ ਪ੍ਰਸ਼ਾਸਨ ਨੇ ਉਸ ਨੂੰ ਹਸਪਤਾਲ ਵਿਖੇ ਏਕਾਂਤਵਾਸ ਕਰਨ ਦੀ ਬਜਾਏ ਘਰ ਵਿੱਚ ਹੀ ਏਕਾਂਤਵਾਸ ਹੋਣ ਲਈ ਕਿਹਾ ਗਿਆ।
ਨਰਿੰਦਰ ਕੁਮਾਰ ਨੇ ਦੱਸਿਆ ਕਿ ਇਸ ਦੇ ਨਾਲ ਹੀ ਹਸਪਤਾਲ ਨੇ ਉਸ ਨੂੰ ਘਰੇ ਛੱਡਣ ਦੀ ਥਾਂ ਉਸ ਨੂੰ ਪ੍ਰਾਇਵੇਟ ਟੈਕਸੀ ਕਰ ਕੇ ਘਰ ਜਾਣ ਦੇ ਲਈ ਕਿਹਾ। ਉਸ ਦਾ ਕਹਿਣਾ ਹੈ ਕਿ ਇਸ ਕੋਰੋਨਾ ਦੇ ਵਿੱਚ ਉਸ ਦੀ ਕੰਪਨੀ ਉਸ ਨੂੰ ਤਨਖ਼ਾਹ ਨਹੀਂ ਦੇ ਰਹੀ, ਨਾ ਹੀ ਉਸ ਕੋਲ ਪੈਸੇ ਹਨ ਤੇ ਉਹ ਟੈਕਸੀ ਕਰ ਕੇ ਘਰ ਕਿਵੇਂ ਜਾ ਸਕਦਾ ਹੈ।
ਇਸ ਸਬੰਧੀ ਜਦੋਂ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਜਸਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਇਹ ਮਾਮਲਾ ਨਹੀਂ ਸੀ ਤੇ ਜੇ ਅਜਿਹੀ ਕੋਈ ਗੱਲ ਹੈ ਤਾਂ ਉਨ੍ਹਾਂ ਵੱਲੋਂ ਪੀੜਤ ਮਰੀਜ਼ ਦੀ ਹਰ ਮਦਦ ਕੀਤੀ ਜਾਵੇਗੀ।