ਮੋਟਰ ਸਾਇਕਲ ਨਾ ਮਿਲਣ 'ਤੇ 18 ਸਾਲਾ ਨੌਜਵਾਨ ਨੇ ਲਿਆ ਫਾਹਾ ਹੁਸ਼ਿਆਰਪੁਰ:ਸ਼ਹਿਰ ਦੇ ਇਕ ਪਿੰਡ ਵਿੱਚ ਇਕ ਘਰ ਦੀ ਹਾਲਤ ਬੇਹਦ ਤਰਸਯੋਗ ਬਣੀ ਹੋਈ ਹੈ। ਇਸ ਘਰ ਵਿੱਚ ਹੁਣ ਇੱਕਲੀ ਬਜ਼ੁਰਗ ਮਾਤਾ, ਇਹ ਮਹਿਲਾ ਤੇ ਮੰਦਬੁੱਧੀ ਬੱਚਾ ਰਹਿ ਗਿਆ ਹੈ। ਇਸ ਘਰ ਵਿੱਚ 10 ਸਾਲ ਪਹਿਲਾਂ ਬਜ਼ੁਰਗ ਮਾਤਾ ਦਾ ਪੁੱਤਰ ਟੀਬੀ ਦਾ ਇਲਾਜ ਨਾ ਕਰਵਾ ਸਕਣ ਕਾਰਨ ਮਰ ਗਿਆ, ਫਿਰ ਬਜ਼ੁਰਗ ਮਾਤਾ ਦੇ ਪਤੀ ਦੀ ਮੌਤ ਹੋ ਗਈ। ਉਸ ਤੋਂ ਬਾਅਦ ਹੁਣ ਬਜ਼ੁਰਗ ਦਾ ਪੋਤਾ ਵੀ ਫਾਹਾ ਲੈ ਕੇ ਖੁਦਕੁਸ਼ੀ ਕਰ ਗਿਆ। ਕਾਰਨ ਸਿਰਫ਼ ਇਹੀ ਰਿਹਾ ਕਿ ਨੌਜਵਾਨ ਪੁੱਤਰ ਮੋਟਰਸਾਇਕਲ ਲੈਣ ਦੀ ਜਿੱਦ ਕਰ ਰਿਹਾ ਸੀ।
ਮੋਟਰਸਾਇਕਲ ਨਾ ਮਿਲਣ ਉੱਤੇ ਲਿਆ ਫਾਹਾ:ਰੌਂਦੇ ਹੋਏ ਮ੍ਰਿਤਕ ਬਲਜੀਤ ਦੀ ਦਾਦੀ ਤੇ ਮਾਤਾ ਨੇ ਦੱਸਿਆ ਕਿ ਬਲਜੀਤ ਨੇ ਮੋਟਰ ਸਾਇਕਲ ਲੈਣ ਦੀ ਜਿੱਦ ਫੜ੍ਹੀ ਹੋਈ ਸੀ। ਉਹ ਦੋਵੇ ਮਿਲ ਕੇ ਬਹੁਤ ਮੁਸ਼ਕਲ ਨਾਲ ਗੋਹਾ ਕੂੜਾ ਚੁੱਕੇ ਕੇ ਅਤੇ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਘਰ ਦਾ ਗੁਜ਼ਾਰਾ ਕਰਦੀਆਂ ਹਨ। ਫਿਰ ਵੀ ਉਨ੍ਹਾਂ ਨੇ ਬਲਜੀਤ ਨੂੰ ਕਿਹਾ ਸੀ ਕਿ ਜਦੋਂ ਉਸ ਦੀ ਉਮਰ 18 ਸਾਲ ਤੋਂ ਉਪਰ ਹੋ ਜਾਵੇਗੀ ਤਾਂ ਉਸ ਨੂੰ ਮੋਟਰਸਾਈਕਲ ਲੈ ਦੇਣਗੇ, ਪਰ ਉਸ ਨੇ ਸਬਰ ਨਹੀਂ ਕੀਤਾ ਅਤੇ ਅਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਦਾਦੀ ਨੇ ਘਰ ਆ ਦੇਖਿਆ, ਫਾਹਾ ਲੈ ਚੁੱਕਾ ਸੀ ਬਲਜੀਤ:ਬਲਜੀਤ ਦੀ ਦਾਦੀ ਨੇ ਦੱਸਿਆ ਕਿ ਉਹ ਅਤੇ ਉਸ ਦੀ ਨੂੰਹ ਕੰਮ ਕਰਨ ਲਈ ਗਈਆਂ ਹੋਈਆਂ ਸੀ। ਜਦੋਂ ਘਰ ਆ ਕੇ ਦੇਖਿਆ ਤਾਂ ਬਲਜੀਤ ਨੇ ਪੱਖੇ ਨਾਲ ਲਟਕ ਕੇ ਫਾਹਾ ਲੈ ਲਿਆ ਸੀ। ਉਸ ਦੀ ਮੌਤ ਹੋ ਚੁੱਕੀ ਸੀ।
ਪਹਿਲਾਂ ਪੁੱਤ ਛੱਡ ਗਿਆ: ਬਲਜੀਤ ਦੀ ਦਾਦੀ ਨੇ ਰੋਂਦੇ ਹੋਏ ਦੱਸਿਆ ਕਿ ਬਲਜੀਤ ਦਾ ਪਿਤਾ ਘਰ ਵਿੱਚ ਗ਼ਰੀਬੀ ਕਾਰਣ ਇਲਾਜ ਨਾ ਕਰਵਾ ਸਕਿਆ ਤੇ 10 ਸਾਲ ਪਹਿਲਾਂ ਉਹ ਸਾਨੂੰ ਛੱਡ ਕੇ ਚਲਾ ਗਿਆ ਅਤੇ ਉਨ੍ਹਾਂ ਕਿਸੇ ਤਰ੍ਹਾਂ ਲੋਕਾਂ ਦੇ ਘਰ ਵਿਚ ਕੰਮ ਕਰਦੇ ਅਤੇ ਲੋਕਾਂ ਦੇ ਡੰਗਰਾਂ ਦਾ ਗੋਹਾ ਕੂੜਾ ਕਰ ਕੇ ਬਲਜੀਤ ਨੂੰ ਪਾਲਿਆ ਸੀ। ਉਨ੍ਹਾਂ ਨੂੰ ਆਸ ਸੀ ਕਿ ਬਲਜੀਤ ਵੱਡਾ ਹੋ ਕੇ ਘਰ ਦੀ ਗ਼ਰੀਬੀ ਖ਼ਤਮ ਕਰੇਗਾ।
ਸਰਕਾਰ ਕੋਲੋਂ ਮਦਦ ਦੀ ਗੁਹਾਰ:ਪਿੰਡ ਦੇ ਸਾਬਕਾ ਸਰਪੰਚ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਲੋੜਵੰਦ ਪਰਿਵਾਰ ਦੀ ਮਦਦ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਦੋਵੇ ਮਹਿਲਾਵਾਂ ਹੀ ਘਰ ਵਿੱਚ ਰਹਿ ਗਈਆਂ ਹਨ। ਮ੍ਰਿਤਕ ਬਲਜੀਤ ਦੀ ਮਾਤਾ ਵੀ ਬਿਮਾਰ ਰਹਿੰਦੀ ਹੈ। ਉਨ੍ਹਾਂ ਪੰਜਾਬ ਸਰਕਾਰ ਕੋਲੋਂ ਪਰਿਵਾਰ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ।