ਹੁਸ਼ਿਆਰਪੁਰ: ਪਿੰਡ ਸੇਖੋਵਾਲ ਵਿੱਚ 11 ਦਸੰਬਰ ਨੂੰ ਦਿਨ-ਦਿਹਾੜੇ ਘਰ ਵਿੱਚ ਦਾਖ਼ਲ ਹੋ ਕੇ ਨੌਜਵਾਨ ਨੂੰ ਕਤਲ ਕਰਨ ਦੇ ਮਾਮਲੇ ਵਿੱਚ ਸਾਰੇ ਮੁਲਜ਼ਮਾਂ ਦੀ ਅਜੇ ਤੱਕ ਗ੍ਰਿਫ਼ਤਾਰੀ ਨਾ ਹੋਣ ਦੇ ਰੋਸ ਵਜੋਂ ਅੱਜ ਪੀੜਤ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਸ਼ਹਿਰ ਦੇ ਬੰਗਾ ਚੌਕ ਵਿੱਚ ਤੀਜਾ ਰੋਸ ਧਰਨਾ ਲਾਇਆ।
ਅੱਜ ਧਰਨੇ ਦੌਰਾਨ ਅਕਾਲੀ ਆਗੂ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਤੇ ਕਾਂਗਰਸੀ ਆਗੂ ਨਿਮਿਸ਼ਾ ਮਹਿਤਾ ਨੇ ਇੱਕ ਦੂਜੇ ਖ਼ਿਲਾਫ ਬਿਆਨਬਾਜ਼ੀ ਕੀਤੀ। ਇਸ ਮਾਗਰੋ ਸਥਿਤੀ ਉਦੋਂ ਤਣਾਅਪੂਰਨ ਹੋ ਗਈ ਜਦੋਂ ਅਕਾਲੀ ਤੇ ਕਾਂਗਰਸ ਵਰਕਰ ਆਪਸ ਵਿਚ ਭਿੜ ਗਏ ਤੇ ਉਨ੍ਹਾਂ ਵਿਚਕਾਰ ਧੱਕਾ ਮੁੱਕੀ ਹੋਈ ਪੁਲਿਸ ਅਧਿਕਾਰੀਆਂ ਦੇ ਭਰੋਸੇ ਮਗਰੋਂ ਧਰਨਾ ਸਮਾਪਤ ਕੀਤਾ ਗਿਆ।
ਅੱਜ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਦੀ ਅਗਵਾਈ ਹੇਠ ਪਾਰਟੀ ਵਰਕਰਾਂ ਸਮੇਤ ਤਹਿਸੀਲ ਦੇ ਵੱਖ-ਵੱਖ ਪਿੰਡਾਂ ਤੋਂ ਪੁੱਜੇ ਦੋ ਹਾਜ਼ਾਰ ਤੋਂ ਵੱਧ ਧਰਨਕਾਰੀਆਂ ਨੇ ਲਗਪਗ ਸਾਡੇ ਤਿੰਨ ਘੰਟੇ ਚੰਡੀਗੜ੍ਹ- ਹੁਸ਼ਿਆਰਪੁਰ ਮੁੱਖ ਮਾਰਗ 'ਤੇ ਆਵਾਜਾਈ ਠੱਪ ਰੱਖੀ। ਧਰਨੇ ਨੂੰ ਸੰਬੋਧਨ ਕਰਦਿਆਂ ਭੁੱਲੇਵਾਲ ਰਾਠਾਂ ਨੇ ਕਿਹਾ ਕਿ ਛੇ ਦਿਨਾਂ ਬਾਅਦ ਵੀ ਕਤਲ ਕਾਂਡ ਦੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾ ਹੋਣਾ ਕਾਂਗਰਸ ਸਰਕਾਰ ਦੇ ਮਾੜੇ ਪ੍ਰਸ਼ਾਸਨ ਦਾ ਸਬੂਤ ਹੈ।