ਹੁਸ਼ਿਆਰਪੁਰ: ਗੰਨੇ ਦੀ ਕਰੋੜਾਂ ਰੁਪਏ ਦੀ ਬਕਾਇਆ ਰਾਸ਼ੀ ਦੇ ਭੁਗਤਾਨ ਦੀ ਮੰਗ ਨੂੰ ਲੈ ਕੇ ਮੁਕੇਰੀਆਂ ਸ਼ੂਗਰ ਮਿੱਲ ਦੇ ਸਾਹਮਣੇ ਮੁੱਖ ਮਾਰਗ ਜਾਮ ਕਰੀ ਬੈਠੀਆਂ ਕਿਸਾਨ ਜਥੇਬੰਦੀਆਂ ਅਤੇ ਮਿੱਲ ਪ੍ਰਬੰਧਨ ਵਿਚਾਲੇ ਪ੍ਰਸ਼ਾਸਨ ਵੱਲੋਂ ਗੱਲਬਾਤ ਦੀਆਂ ਕੋਸ਼ਿਸ਼ਾਂ ਆਖਰ ਰੰਗ ਲਿਆਈਆਂ ਹਨ। ਬਕਾਏ ਦੇ ਭੁਗਤਾਨ ਸਬੰਧੀ ਹੋਏ ਸਮਝੌਤੇ ਤੋਂ ਬਾਅਦ ਕਿਸਾਨ ਧਰਨਾ ਚੁੱਕਣ ’ਤੇ ਰਾਜ਼ੀ ਹੋ ਗਏ।
ਕਿਸਾਨ ਜਥੇਬੰਦੀਆਂ ਵੱਲੋਂ ਦੇਰ ਸ਼ਾਮ ਧਰਨਾ ਸਮਾਪਤ ਕਰ ਦਿੱਤਾ ਗਿਆ ਹੈ। ਸਥਾਨਕ ਰੈਸਟ ਹਾਉਸ ਵਿੱਚ ਐੱਸਡੀਐਮ ਮੁਕੇਰੀਆਂ, ਡੀਐੱਸਪੀ ਪੁਲਿਸ ਪ੍ਰਸਾਸ਼ਨ ਅਤੇ ਕੇਨ ਕਮਿਸ਼ਨਰ ਗੁਰਵਿੰਦਰ ਸਿੰਘ ਦੀ ਮੌਜ਼ੂਦਗੀ ਵਿੱਚ ਕਿਸਾਨ ਆਗੂਆਂ ਅਤੇ ਮਿਲ ਮੈਨੇਜਮੈਂਟ ਵਿਚਾਲੇ ਲੰਮਾ ਸਮਾਂ ਮੀਟਿੰਗ ਚੱਲੀ। ਆਖਰ ਮਿੱਲ ਪ੍ਰਬੰਧਨ ਵਲੋਂ ਕਿਸਾਨਾਂ ਦੇ 90 ਕਰੋੜ ਦੇ ਬਕਾਏ ਦਾ 30 ਤਰੀਕ ਤੱਕ ਤਿੰਨ ਕਿਸ਼ਤਾਂ ਵਿੱਚ 45 ਕਰੋੜ ਅਤੇ ਬਾਕੀ ਰਕਮ 31 ਜੁਲਾਈ ਤੱਕ ਅਦਾ ਕੀਤੇ ਜਾਣ ਦੀ ਗੱਲ ਹੋਈ ਹੈ।