ਹੁਸ਼ਿਆਰਪੁਰ:ਦਿੱਲੀ ਵਿੱਚ ਇੱਕ ਪਾਸੇ ਸ਼ਰਾਬ ਘੁਟਾਲੇ (Alcohol scam) ਮਾਮਲੇ ਵਿੱਚ ਈਡੀ ਰਾਜਧਾਨੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਪੁੱਛਗਿੱਛ ਕਰਨ ਲਈ ਲਗਾਤਾਰ ਤਲਬ ਕਰਨ ਦੇ ਨੋਟਿਸ ਕੱਢ ਰਹੀ ਹੈ ਉੱਧਰ ਦੂਜੇ ਪਾਸੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਸਾਰੇ ਰੁਝੇਵਿਆਂ ਤੋਂ ਦੂਰੀ ਬਣਾਉਂਦਿਆਂ ਹੁਸ਼ਿਆਰਪੁਰ ਤੋਂ ਮਹਿਜ਼ 10 ਕਿੱਲੋਮੀਟਰ ਦੀ ਦੂਰੀ ਉੱਤੇ ਸਥਿਤ ਪਿੰਡ ਅਨੰਦਗੜ੍ਹ ਵਿਖੇ ਵਿਪਾਸਨਾ ਯੋਗ ਸੈਂਟਰ ਦਾ ਹਿੱਸਾ ਬਣਨ ਨੂੰ ਤਰਜੀਹ ਦਿੱਤੀ ਹੈ।
ਵਿਪਾਸਨਾ ਯੋਗ ਸੈਂਟਰ ਦਾ ਹਿੱਸਾ: ਪ੍ਰਸ਼ਾਸਨ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅਰਵਿੰਦ ਕੇਜਰੀਵਾਲ (Arvind Kejriwal) 20 ਦਸੰਬਰ ਨੂੰ ਹੁਸ਼ਿਆਰਪੁਰ ਤੋਂ ਮਹਿਜ 10 ਕਿਲੋਮੀਟਰ ਦੂਰ ਪਿੰਡ ਮਹਿਲਾਂਵਾਲੀ ਦੇ ਨਜਦੀਕ ਪਿੰਡ ਅਨੰਦਗੜ੍ਹ ਵਿਖੇ ਧੰਮ-ਧਜਾ ਵਿਪਾਸਨਾ ਯੋਗਾ ਸੈਂਟਰ ਵਿਖੇ ਪਹੁੰਚੇ ਹਨ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਵਿਪਾਸਨਾ ਦਾ ਸਮਾਂ ਸ਼ਾਮ 8 ਵਜੇ ਦੇ ਕਰੀਬ ਸ਼ੁਰੂ ਹੋਵੇਗਾ ਅਤੇ ਬਕਾਇਦਾ ਤੌਰ ‘ਤੇ ਸਾਰੇ ਪ੍ਰਬੰਧ ਕਰ ਲਾਏ ਹਨ ਅਤੇ ਸ਼ਹਿਰ ਦੇ ਨਜ਼ਦੀਕ ਹੀ ਹੈਲੀਪੈਡ ਬਣਾਇਆ ਗਿਆ ਹੈ।
ਦੱਸ ਦਈਏ ਅਰਵਿੰਦ ਕੇਜਰੀਵਾਲ ਭਾਰੀ ਸੁਰੱਖਿਆ ਹੇਠ ਪੰਜਾਬ ਦੇ ਪਿੰਡ ਅਨੰਦਗੜ੍ਹ ਵਿਖੇ ਪਹੁੰਚੇ ਹਨ, ਜਿੱਥੇ ਉਹ 30 ਦਸੰਬਰ ਤੱਕ ਧਾਮਾ ਧਜ ਵਿਪਾਸਨਾ ਕੇਂਦਰ (Vipassana Center) ਵਿਖੇ ਰਹਿਣਗੇ। ਵਰਣਨਯੋਗ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਸ਼ਰਾਬ ਨੀਤੀ ਨਾਲ ਜੁੜੇ ਮਾਮਲੇ ਵਿੱਚ 2 ਵਾਰ ਈਡੀ ਨੇ ਪੇਸ਼ ਹੋਣ ਲਈ ਨੋਟਿਸ ਭੇਜਿਆ, ਪਹਿਲਾ ਨੋਟਿਸ 2 ਨਵੰਬਰ ਨੂੰ ਭੇਜਿਆ ਸੀ ਤੇ ਪੇਸ਼ ਹੋਣ ਲਈ ਕਿਹਾ ਸੀ। ਉਦੋਂ ਕੇਜਰੀਵਾਲ ਤਿੰਨ ਸੂਬਿਆਂ ਵਿੱਚ ਚੋਣ ਪ੍ਰਚਾਰ ਦਾ ਹਵਾਲਾ ਦੇ ਕੇ ਪੇਸ਼ ਨਹੀਂ ਹੋਏ ਸਨ। ਵਿਰੋਧੀ ਕਹਿ ਰਹੇ ਨੇ ਵਿਪਾਸਨਾ ਈਡੀ (Arvind Kejriwal in Hoshiarpur) ਤੋਂ ਬਚਣ ਦਾ ਬਹਾਨਾ ਹੈ।
ਵਿਪਾਸਨਾ ਸਾਧਨਾ ਕੀ ਹੈ ? : ਵਿਪਾਸਨਾ ਸਾਧਨਾ (Vipassana Sadhana) ਵਿੱਚ ਲਗਭਗ ਸੱਤ ਦਿਨਾਂ ਤੱਕ ਲਗਾਤਾਰ ਬੈਠਣਾ ਅਤੇ ਧਿਆਨ ਕਰਨਾ ਪੈਂਦਾ ਹੈ। ਇਸ ਸਮੇਂ ਦੌਰਾਨ, ਚੁੱਪ ਰਹਿਣਾ, ਜ਼ਿਆਦਾ ਗੱਲ ਨਾ ਕਰਨਾ, ਬਾਹਰੀ ਦੁਨੀਆਂ ਨਾਲ ਕੋਈ ਸੰਪਰਕ ਨਾ ਕਰਨਾ ਵਰਗੇ ਸਖ਼ਤ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ। ਇਸ ਤੋਂ ਪਹਿਲਾਂ, ਦਸੰਬਰ 2022 ਵਿੱਚ ਮੁੱਖ ਮੰਤਰੀ ਵਿਪਾਸਨਾ ਮੈਡੀਟੇਸ਼ਨ ਲਈ ਗਏ ਸਨ। ਸੀਐੱਮ ਕੇਜਰੀਵਾਲ ਕਹਿ ਰਹੇ ਹਨ ਕਿ ਭਗਵਾਨ ਬੁੱਧ ਨੇ ਕਈ ਸੌ ਸਾਲ ਪਹਿਲਾਂ ਇਹ ਗਿਆਨ ਸਿਖਾਇਆ ਸੀ, ਜੇਕਰ ਕਿਸੇ ਨੇ ਵਿਪਾਸਨਾ ਨਹੀਂ ਕੀਤੀ ਤਾਂ ਇੱਕ ਵਾਰ ਜ਼ਰੂਰ ਕਰੋ। ਇਹ ਮਾਨਸਿਕ, ਸਰੀਰਕ ਅਤੇ ਅਧਿਆਤਮਿਕ ਤੌਰ 'ਤੇ ਬਹੁਤ ਲਾਭਦਾਇਕ ਹੈ।