ਹੁਸ਼ਿਆਰਪੁਰ:ਬੀਤੇ ਦਿਨ ਹੁਸ਼ਿਆਰਪੁਰ ਦੇ ਲਾਜਵੰਡੀ ਆਊਟਡੋਰ ਸਟੇਡੀਅਮ ਵਿੱਚ ਜ਼ਿਲ੍ਹਾ ਪ੍ਰਾਇਮਰੀ ਸਕੂਲ ਖੇਡਾਂ ਦਾ ਆਗਾਜ਼ ਹੋਇਆ ਸੀ ਜਿਸ ਦਾ ਉਦਘਾਟਨ ਹੁਸ਼ਿਆਰਪੁਰ ਤੋਂ ਵਿਧਾਇਕ ਅਤੇ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਦੇ ਭਰਾ ਰਾਜੇਸ਼ਵਰ ਦਿਆਲ ਬੱਬੀ ਵਲੋਂ ਕੀਤਾ ਗਿਆ। ਜਦਕਿ ਮੰਤਰੀ ਦਾ ਭਰਾ ਨਾਂ ਤਾਂ ਵਿਧਾਇਕ ਹੈ ਤੇ ਨਾ ਹੀ ਕਿਸੇ ਹੋਰ ਸੰਵਿਧਾਨਿਕ ਅਹੁਦੇ 'ਤੇ ਹੀ ਤੈਨਾਤ ਹੈ, ਪਰੰਤੂ ਬਾਵਜੂਦ ਇਸ ਦੇ ਸੱਤਾ ਤੋਂ ਪਹਿਲਾਂ ਪਰਿਵਾਰਵਾਦ ਦੀ ਗੱਲ ਕਰਨ ਵਾਲੀ ਆਮ ਆਦਮੀ ਪਾਰਟੀ ਦੇ ਮੰਤਰੀ ਦੇ ਭਰਾ ਵਲੋਂ ਸਰਕਾਰੀ ਪ੍ਰੋਗਰਾਮ ਦਾ ਉਦਘਾਟਨ ਕਰਨਾ ਕਿੰਨਾ ਕੁ ਜਾਇਜ਼ ਹੈ।
ਇਸ ਤੋਂ ਵੱਡੀ ਗੱਲ ਮੌਕੇ ਤੇ ਮੌਜੂਦ ਪ੍ਰਸ਼ਾਸਨ ਤੇ ਆਲ੍ਹਾ ਅਧਿਕਾਰੀਆਂ ਵਲੋਂ ਵੀ ਮੰਤਰੀ ਦੇ ਭਰਾ ਦਾ ਪੂਰਾ ਖਿਆਲ ਰੱਖਦਿਆਂ ਹੋਇਆਂ ਵੀਵੀਆਈਪੀ ਸਵਾਗਤ ਕੀਤਾ ਗਿਆ ਤੇ ਮੈਦਾਨ ਵਿੱਚ ਆਉਂਦਿਆਂ ਸਾਰ ਹੀ ਫੁੱਲਾਂ ਦੇ ਹਾਰ ਪਾ ਕੇ ਅਤੇ ਗੁਲਦਸਤੇ ਦੇ ਕੇ ਮੰਤਰੀ ਦੇ ਭਰਾ ਨੂੰ ਫੁੱਲਾਂ ਨਾਲ ਲੱਦ ਦਿੱਤਾ। ਖੈਰ ਇਸ ਸਾਰੇ ਮਾਮਲੇ ਨੂੰ ਲੈ ਕੇ ਜਦੋਂ ਆਪ ਦੀ ਜ਼ਿਲ੍ਹਾ ਪ੍ਰਧਾਨ ਮੈਡਮ ਕਰਮਜੀਤ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ ਤੇ ਜੇਕਰ ਅਜਿਹਾ ਹੋਇਆ ਹੈ ਤਾਂ ਉਹ ਸਬੰਧਿਤ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ।