ਹੁਸ਼ਿਆਰਪੁਰ: ਮੁਕੇਰੀਆਂ ਦੇ ਭੰਗਾਲਾ ਦੀ ਛੋਟੀ ਬੱਚੀ ਆਹੋਰੀ ਨੇ ਨਿੱਕੀ ਉਮਰੇ ਵੱਡੀਆਂ ਪੁਲਾਂਘਾਂ ਪੁੱਟੀਆਂ ਹਨ। ਆਰੋਹੀ ਮਹਾਜਨ ਨੇ ਆਪਣੀ ਵਿਲੱਖਣ ਪ੍ਰਾਪਤੀ ਸਦਕਾ ਨਾ ਸਿਰਫ ਜ਼ਿਲ੍ਹਾ ਹੁਸ਼ਿਆਰਪੁਰ ਸਗੋਂ ਪੰਜਾਬ ਦਾ ਮਾਣ ਵਧਾਉਂਦਿਆਂ ਆਪਣਾ ਨਾਂ ਇੰਡੀਆ ਬੁੱਕ ਆਫ਼ ਰਿਕਾਰਡਜ਼ ਵਿਚ ਦਰਜ ਕਰਵਾ ਲਿਆ ਹੈ।
ਆਰੋਹੀ ਮਹਾਜਨ ਨੂੰ 'ਇੰਡੀਆ ਬੁੱਕ ਆਫ਼ ਰਿਕਾਰਡਜ਼' ਸੰਸਥਾ ਵੱਲੋਂ ਇਕ ਸਾਲ 7 ਮਹੀਨੇ ਦੀ ਉਮਰ ’ਚ ਸਬਜ਼ੀਆਂ, ਫ਼ਲਾਂ, ਸਰੀਰ ਦੇ ਅੰਗਾਂ, ਮਿਊਜ਼ਿਕ ਇੰਸਟਰੂਮੈਂਟਸ, ਪਸ਼ੂਆਂ ਦੇ ਨਾਂ ਬਹੁਤ ਸੁਚੱਜੇ ਢੰਗ ਨਾਲ ਦੱਸਣ ਤੋਂ ਇਲਾਵਾ ਡਾਂਸ ਦੀ ਵਧੀਆ ਪੇਸ਼ਕਾਰੀ, 4 ਜਾਨਵਰਾਂ ਦੀਆਂ ਆਵਾਜ਼ਾਂ ਕੱਢਣ ਦੇ ਨਾਲ-ਨਾਲ ਅੰਗਰੇਜ਼ੀ ਦੇ ਅੱਖਰਾਂ ਨੂੰ ਸਹਿਜੇ ਹੀ ਬੋਲਣ ’ਤੇ ਮੈਡਲ, ਬੈਜ, ਪੈਨ ਤੇ ਪ੍ਰਸ਼ੰਸਾ ਪੱਤਰ ਵਾਲਾ ਕਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਆਰੋਹੀ ਦੀ ਇਸ ਪ੍ਰਾਪਤੀ ’ਤੇ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਪਰਿਵਾਰ ਨੂੰ ਮੁਬਾਰਕਵਾਦ ਦਿੰਦਿਆਂ ਕਿਹਾ ਕਿ ਛੋਟੀ ਜਿਹੀ ਉਮਰ ਵਿਚ 'ਇੰਡੀਆ ਬੁੱਕ ਆਫ਼ ਰਿਕਾਰਡਜ਼' 'ਚ ਨਾਂ ਦਰਜ ਕਰਵਾਉਣਾ ਵੱਡੀ ਪ੍ਰਾਪਤੀ ਹੈ।