ਹੁਸ਼ਿਆਰਪੁਰ: ਅੱਜ ਦੇ ਇਸ ਕਲਯੁੱਗੀ ਜ਼ਮਾਨੇ 'ਚ ਜਦ ਆਪਣਿਆਂ ਨੇ ਇਨ੍ਹਾਂ ਬਜ਼ੁਰਗਾਂ ਦਾ ਸਾਥ ਛੱਡ ਦਿੱਤਾ। ਅੰਗਹੀਣ ਹੋਣ 'ਤੇ ਜਦ ਸਰਕਾਰਾਂ ਨੇ ਵੀ ਕੋਈ ਮਦਦ ਨਾ ਕੀਤੀ ਤਾਂ ਹੁਸ਼ਿਆਰਪੁਰ ਦੇ ਮਾਹਿਲਪੁਰ ਦਾ ਜੇਡੀ ਬਿਰਧ ਆਸ਼ਰਮ ਇਨ੍ਹਾਂ ਬੇਸਹਾਰਾ ਬਜ਼ੁਰਗਾਂ ਦੀ ਮਦਦ ਲਈ ਅੱਗੇ ਆਇਆ। ਸਮੇਂ ਦੀ ਥੋੜ ਅਤੇ ਵਿਗਿਆਨਕ ਯੁੱਗ ਵਿਚ ਘੱਟ ਰਹੀ ਰਿਸ਼ਤਿਆਂ ਦੀ ਮਹੱਤਤਾ ਕਾਰਨ ਦੇਸ਼ ਭਰ ਚ ਬਿਰਧ ਆਸ਼ਰਮਾਂ ਦੀ ਗਿਣਤੀ ਤਾਂ ਬਹੁਤ ਹੈ ਪਰ ਇਸ ਆਸ਼ਰਮ ਦੀ ਖ਼ਾਸ ਗੱਲ ਇਹ ਹੈ ਕਿ ਇਹ ਬਿਨ੍ਹਾਂ ਕਿਸੇ ਸਰਕਾਰੀ ਜਾਂ ਗੈਰ ਸਰਕਾਰੀ ਮਦਦ ਤੋਂ ਚੱਲ ਰਿਹਾ ਹੈ। ਡਾਕਟਰਾਂ ਦਾ ਇੱਕ ਪਰਿਵਾਰ ਇਸ ਬਿਰਧ ਆਸ਼ਰਮ ਨੂੰ ਚਲਾ ਰਿਹਾ ਹੈ।
ਅੰਗਹੀਣ ਤੇ ਬੇਸਹਾਰਾ ਬਜ਼ੁਰਗਾਂ ਲਈ ਸਹਾਰਾ ਬਣਿਆ ਇਹ ਬਿਰਧ ਆਸ਼ਰਮ
ਹੁਸ਼ਿਆਰਪੁਰ ਦਾ ਜੇਡੀ ਬਿਰਧ ਆਸ਼ਰਮ ਬਿਨ੍ਹਾਂ ਕਿਸੇ ਸਰਕਾਰੀ ਜਾਂ ਗ਼ੈਰ ਸਰਕਾਰੀ ਮਦਦ ਤੋਂ ਬੇਸਹਾਰਾ ਬਜ਼ੁਰਗਾਂ ਲਈ ਸਹਾਰਾ ਬਣਿਆ ਹੋਇਆ ਹੈ। ਇਹ ਆਸ਼ਰਮ ਨੂੰ ਇੱਕ ਡਾਕਟਰ ਪਰਿਵਾਰ ਚਲਾ ਰਿਹਾ ਹੈ। ਇਥੇ ਸਾਰੇ ਬਜ਼ੁਰਗ ਅੰਗਹੀਣ ਹਨ ਪਰ ਰੋਜ਼ਾਨਾ ਦੀ ਦੇਖਭਾਲ ਤੋਂ ਇਲਾਵਾ ਉਨ੍ਹਾਂ ਨੂੰ ਵਧੀਆ ਡਾਕਟਰੀ ਸਹੂਲਤ ਵੀ ਦਿੱਤੀ ਜਾਂਦੀ ਹੈ।
ਇਸ ਆਸ਼ਰਮ 'ਚ ਰਹਿੰਦੇ ਸਾਰੇ ਬਜ਼ੁਰਗ ਅੰਗਹੀਣ ਹਨ ਪਰ ਸੰਸਥਾਨ ਵੱਲੋਂ ਉਨ੍ਹਾਂ ਦੀ ਰੋਜ਼ਾਨਾ ਦੇਖਭਾਲ ਦੇ ਨਾਲ-ਨਾਲ ਡਾਕਟਰੀ ਮਦਦ ਵੀ ਦਿੱਤੀ ਜਾਂਦੀ ਹੈ। ਇੱਥੇ ਚਾਰ ਵਿਅਕਤੀ ਹਰ ਵੇਲੇ ਦਰਜ਼ਨ ਦੇ ਕਰੀਬ ਬਜੁਰਗਾਂ ਦੀ ਦੇਖ਼ਭਾਲ ਲਈ ਰਹਿੰਦੇ ਹਨ। ਆਸ਼ਰਮ ਵਿਚ ਹੀ ਤਿੰਨ ਵਕਤ ਤਾਜਾ ਖ਼ਾਣਾ ਅਤੇ ਬਜੁਰਗਾਂ ਲਈ ਹਰ ਇੱਛਾ ਅਨੁਸਾਰ ਖ਼ਾਣਾ ਤਿਆਰ ਹੁੰਦਾ ਹੈ।
ਫ਼ਰਵਰੀ 2017 ਵਿਚ ਸ਼ੁਰੂ ਹੋਏ ਇਸ ਬਿਰਧ ਆਸ਼ਰਮ ਦੇ ਸ਼ੁਰੂ ਹੋਣ ਦੀ ਕਹਾਣੀ ਵੀ ਬੜੀ ਦਿਲਚਸਪ ਹੈ। ਇਸ ਸਥਾਨ 'ਤੇ ਡਾ. ਵਰਿੰਦਰ ਗਰਗ ਅਤੇ ਡਾ. ਸਨੇਹ ਗਰਗ ਪਤੀ ਪਤਨੀ ਵਲੋਂ ਹਸਪਤਾਲ ਚਲਾਇਆ ਜਾ ਰਿਹਾ ਸੀ ਅਤੇ ਜੇ ਡੀ ਉਨ੍ਹਾਂ ਦੇ ਮਾਤਾ ਪਿਤਾ ਦੇ ਨਾਮ ਤੋਂ ਸ਼ੁਰੂ ਹੋਣ ਵਾਲੇ ਸ਼ਬਦ ਹਨ। ਵਪਾਰਿਕ ਘਾਟੇ ਕਾਰਨ ਇਸ ਹਸਪਤਾਲ ਨੂੰ ਬੈਂਕ ਨੇ ਆਪਣੇ ਕਬਜੇ ਵਿਚ ਲੈ ਲਿਆ ਅਤੇ ਡਾਕਟਰ ਜੋੜੇ ਨੂੰ ਇਹ ਇਮਾਰਤ ਖ਼ਾਲੀ ਕਰਕੇ ਮਾਹਿਲਪੁਰ ਸ਼ਹਿਰ ਵਿਚ ਸ਼ਿਫ਼ਟ ਹੋਣਾ ਪਿਆ। ਸਮੇਂ ਨੇ ਗੇੜ ਬਦਲਿਆ। ਡਾਕਟਰ ਪਤੀ ਪਤਨੀ ਦੇ ਦੋਨੋਂ ਬੱਚੇ ਡਾਕਟਰ ਬਣ ਗਏ। ਬੇਟੀ ਪ੍ਰਿੰਅਕਾ ਗਰਗ ਪਟਿਆਲਾ ਅਤੇ ਬੇਟਾ ਮੋਹਿਤ ਗਰਗ ਅਮਰੀਕਾ ਵਿਚ ਡਾਕਟਰ ਬਣ ਗਿਆ ਜਿਨ੍ਹਾਂ ਆਪਣੀ ਕਮਾਈ ਨਾਲ ਇਸ ਇਮਾਰਤ ਨੂੰ ਬੈਂਕ ਕੋਲੋਂ ਛੁਡਵਾ ਲਿਆ। ਬੱਚਿਆਂ ਨੇ ਆਪਣੇ ਦਾਦਾ ਦਾਦੀ ਦੀ ਯਾਦ ਨੂੰ ਜਿਊਂਦਾ ਰੱਖ਼ਣ ਲਈ ਇੱਥੇ ਬਿਰਧ ਆਸ਼ਰਮ ਸ਼ੁਰੂ ਕਰ ਦਿੱਤਾ।