ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਟਰੱਕ ਨੇ ਦਰੜੇ ਸ਼ਰਧਾਲੂ, ਸੱਤ ਦੀ ਮੌਤ ਹੁਸ਼ਿਆਰਪੁਰ:ਜ਼ਿਲ੍ਹੇ ਦੇ ਸਬ-ਡਵੀਜ਼ਨ ਗੜ੍ਹਸ਼ੰਕਰ 'ਚ ਵੀਰਵਾਰ ਨੂੰ ਵੱਡਾ ਹਾਦਸਾ ਵਾਪਰ ਗਿਆ। ਸ਼੍ਰੀ ਗੁਰੂ ਰਵਿਦਾਸ ਜੀ ਦੇ ਪਵਿੱਤਰ ਅਸਥਾਨ ਖੁਰਾਲਗੜ੍ਹ ਸਾਹਿਬ ਵਿਖੇ ਵਿਸਾਖੀ ਮੌਕੇ 'ਤੇ ਮੱਥਾ ਟੇਕਣ ਜਾ ਰਹੀ ਸੰਗਤ ਨੂੰ ਬੇਕਾਬੂ ਟਰੱਕ ਨੇ ਦਰੜ ਦਿੱਤਾ। ਇਸ ਹਾਦਸੇ 'ਚ 7 ਲੋਕਾਂ ਦੀ ਮੌਤ ਹੋ ਗਈ, ਇਨ੍ਹਾਂ 'ਚੋਂ 4 ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ 3 ਨੇ ਸਿਵਲ ਹਸਪਤਾਲ ਗੜ੍ਹਸ਼ੰਕਰ 'ਚ ਇਲਾਜ ਦੌਰਾਨ ਦਮ ਤੋੜ ਦਿੱਤਾ।
ਇੱਕ ਹੀ ਪਰਿਵਾਰ ਦੇ 5 ਜੀਆਂ ਦੀ ਮੌਤ: ਗੜ੍ਹਸ਼ੰਕਰ ਦੇ ਡੀਐਸਪੀ ਦਲਜੀਤ ਸਿੰਘ ਖੱਖ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਰਾਹੁਲ ਪੁੱਤਰ ਮਾਹ ਪਾਲ (25), ਸੁਦੇਸ਼ ਪਾਲ ਪੁੱਤਰੀ ਰਾਮਫਲ (48), ਰਾਮੋ ਪੁੱਤਰ ਸ਼ੀਸ਼ ਪਾਲ (15), ਗੀਤਾ ਦੇਵੀ ਪੁੱਤਰੀ ਪੁਸ਼ਪਿੰਦਰ ਕੁਮਾਰ (40), ਉੱਨਤੀ ਪੁੱਤਰੀ/ਓ. ਪੁਸ਼ਪਿੰਦਰ ਕੁਮਾਰ (16), ਸ਼ਾਮੋ ਦੇਵੀ ਅਤੇ ਸੰਤੋਸ਼ ਦੇਵੀ ਆਦਿ। ਸਾਰੇ ਮ੍ਰਿਤਕ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਦੇ ਰਹਿਣ ਵਾਲੇ ਸਨ। ਇਹ ਸਾਰੇ ਹਾਲ ਹੀ ਵਿੱਚ ਜਗਦਲਪੁਰ ਭਾਦਸੋਂ (ਛੱਤੀਸਗੜ੍ਹ) ਵਿੱਚ ਰਹਿ ਰਹੇ ਸਨ। ਇਸ ਹਾਦਸੇ ਵਿੱਚ ਇੱਕ ਹੀ ਪਰਿਵਾਰ ਦੇ 5 ਲੋਕ ਦੱਸੇ ਜਾ ਰਹੇ ਹਨ।
ਇਹ ਵੀ ਪੜ੍ਹੋ:ਮੋਟਰਸਾਈਕਲ ਅਤੇ ਕਾਰ ਦੀ ਭਿਆਨਕ ਟੱਕਰ ਦੌਰਾਨ 2 ਸਕੇ ਭਰਾਵਾਂ ਦੀ ਮੌਤ
5 ਜ਼ਖਮੀਆਂ ਨੂੰ ਚੰਡੀਗੜ੍ਹ ਪੀਜੀਆਈ:ਡੀਐਸਪੀ ਦਲਜੀਤ ਸਿੰਘ ਖੱਖ ਨੇ ਦੱਸਿਆ ਕਿ ਇਸ ਘਟਨਾ 'ਚ ਕਰੀਬ 13 ਯਾਤਰੀ ਜ਼ਖਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਲੋਕਾਂ ਦੀ ਮਦਦ ਨਾਲ ਸਿਵਲ ਹਸਪਤਾਲ ਗੜ੍ਹਸ਼ੰਕਰ ਪਹੁੰਚਾਇਆ ਗਿਆ ਹੈ, ਜਿੱਥੇ 5 ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ, ਜਦੋਂ ਇਹ ਹਾਦਸਾ ਵਾਪਰਿਆ ਤਾਂ, ਦੇਰ ਰਾਤ ਸੰਗਤ ਪੈਦਲ ਖੁਰਾਲਗੜ੍ਹ ਜਾ ਰਹੀ ਸੀ। ਇਸ ਦੌਰਾਨ ਖੁਰਾਲਗੜ੍ਹ ਵੱਲ ਜਾ ਰਿਹਾ ਇੱਕ ਟਰੱਕ ਅਚਾਨਕ ਬੇਕਾਬੂ ਹੋ ਗਿਆ ਤੇ ਸ਼ਰਧਾਲੂਆਂ ਨੂੰ ਦਰੜ ਦਿੱਤਾ।
ਹਾਦਸੇ ਦਾ ਸ਼ਿਕਾਰ ਹੋਏ ਸ਼ਰਧਾਲੂ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ:ਸ੍ਰੀ ਗੁਰੂ ਰਵਿਦਾਸ ਜੀ ਦੀ ਤਪੋਸਥਲੀ ਦੇ ਮੁੱਖ ਸੇਵਾਦਾਰ ਨੇ ਦੱਸਿਆ ਕਿ ਮ੍ਰਿਤਕ ਸ਼ਰਧਾਲੂ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਦੇ ਵਸਨੀਕ ਹਨ। ਇਹ ਸਾਰੇ ਪੈਦਲ ਜਾ ਰਹੇ ਸਨ ਕਿ ਟਰੱਕ ਨੇ ਦਰੜ ਦਿੱਤਾ ਜਿਸ ਨਾਲ ਮੌਤ ਹੋ ਗਈ। ਵਿਸਾਖੀ ਮੌਕੇ ਗੁਰੂ ਰਵਿਦਾਸ ਜੀ ਦੇ ਪਾਵਨ ਪਵਿੱਤਰ ਅਸਥਾਨ ਖੁਰਾਲਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਲਈ ਸੰਗਤ ਪੁੱਜ ਰਹੀਆਂ ਹਨ।
ਇਹ ਵੀ ਪੜ੍ਹੋ:ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਵੱਡੀ ਗਿਣਤੀ 'ਚ ਪੁਲਿਸ ਬਲ ਤੈਨਾਤ, ਵਿਸਾਖੀ ਨੂੰ ਲੈ ਕੇ ਜਥੇਦਾਰ ਦਾ ਕੌਮ ਨੂੰ ਸੰਦੇਸ਼