ਹੁਸ਼ਿਆਰਪੁਰ: ਪੁਲਿਸ ਨੇ ਵੱਖ-ਵੱਖ ਸ਼ਹਿਰਾਂ 'ਚ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ 7 ਕਥਿਤ ਦੋਸ਼ੀਆਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਅੱਠ ਪਿਸਤੌਲ ਸਮੇਤ ਕਾਰ ਅਤੇ ਮੋਟਰਸਾਈਕਲ ਬਰਾਮਦ ਕੀਤਾ ਕੀਤਾ ਹੈ। ਕਥਿਤ ਦੋਸ਼ੀਆਂ ਵਿਰੁੱਧ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਮੰਗਲਵਾਰ ਪੁਲਿਸ ਲਾਈਨ ਵਿਖੇ ਇਸ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਨਵਜੋਤ ਸਿੰਘ ਮਾਹਲ ਨੇ ਪ੍ਰੈਸ ਕਾਨਫਰੰਸ ਕੀਤੀ।
ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦੇ 7 ਕਥਿਤ ਦੋਸ਼ੀ ਕਾਬੂ ਅਸਲੇ ਅਤੇ ਵਾਹਨਾਂ ਸਮੇਤ ਕਾਬੂ ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਪੁਲਿਸ ਨੇ ਤਿੰਨ ਮਾਮਲਿਆਂ ਵਿੱਚ ਕੁੱਲ 7 ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਕੋਲੋਂ 8 ਪਿਸਤੌਲ ਅਤੇ 22 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਪਹਿਲੇ ਮਾਮਲਾ ਦਸੂਹਾ 'ਚ ਕਾਰ ਬਾਜ਼ਾਰ ਦੇ ਮਾਲਕ ਦੇ ਕਤਲ ਕੇਸ ਦਾ ਹੈ, ਜਿਸ ਵਿੱਚ ਕਥਿਤ ਦੋਸ਼ੀ ਪ੍ਰਣਬ ਸਹਿਗਲ ਅਤੇ ਰਜਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਥਿਤ ਦੋਸ਼ੀ ਪ੍ਰਣਬ, ਜਿਸਦੀ ਉਮਰ 20 ਸਾਲ ਹੈ, ਬੀਬੀਏ ਦਾ ਵਿਦਿਆਰਥੀ ਹੈ। ਪ੍ਰਣਬ ਪਹਿਲਾਂ ਵੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਾਲ ਸਬੰਧਤ ਤਿੰਨ ਹੋਰ ਇਰਾਦਾ ਕਤਲ ਦੇ ਮਾਮਲਿਆਂ 'ਚ ਲੋੜੀਂਦਾ ਸੀ।
ਇਸੇ ਤਰ੍ਹਾਂ ਪੁਲਿਸ ਨੇ ਕਥਿਤ ਦੋਸ਼ੀਆਂ ਜਸਮੀਤ ਸਿੰਘ, ਸੁਨੀਲ ਕੁਮਾਰ, ਪਰਮਜੀਤ ਲਾਲ ਵਾਸੀਅਨ ਹੁਸ਼ਿਆਰਪੁਰ ਨੂੰ ਅਸਲੇ ਸਮੇਤ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਹ ਕਥਿਤ ਦੋਸ਼ੀ ਜੇਲ੍ਹ ਵਿੱਚ ਬੰਦ ਰਵੀ ਬਲਾਚੌਰੀਆ ਦੇ ਇਸ਼ਾਰੇ 'ਤੇ ਕੰਮ ਕਰਦੇ ਸਨ। ਕਥਿਤ ਦੋਸ਼ੀਆਂ ਨੇ ਪਿਛਲੇ ਮਹੀਨੇ ਬੁੱਲ੍ਹੋਵਾਲ ਵਿੱਚ ਗੋਲੀਕਾਂਡ ਨੂੰ ਅੰਜਾਮ ਦਿੱਤਾ ਸੀ।
ਸ਼ਹਿਰ ਦੇ ਬੱਸ ਅੱਡੇ 'ਤੇ ਗੋਲੀ ਚਲਾਉਣ ਦੇ ਮਾਮਲੇ ਵਿੱਚ ਵੀ ਇੱਕ ਵਿਅਕਤੀ ਵਰਿੰਦਰਜੀਤ ਸਿੰਘ ਵਾਸੀ ਹੁਸ਼ਿਆਰਪੁਰ ਨੂੰ ਵੀ ਪਿਸਤੌਲ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਕੋਲੋਂ ਫੜੇ ਗਏ ਪਿਸਤੌਲ ਭਾਵੇਂ ਇਥੇ ਬਣੇ ਜਾਪਦੇ ਹਨ ਪਰ ਇਨ੍ਹਾਂ ਦੀ ਕੁਆਲਿਟੀ ਬਹੁਤ ਹੀ ਵਧੀਆ ਹੈ। ਉਨ੍ਹਾਂ ਕਿਹਾ ਫੜੇ ਗਏ ਸਾਰੇ ਹੀ ਕਥਿਤ ਦੋਸ਼ੀ ਸੰਗੀਨ ਮਾਮਲਿਆਂ ਵਿੱਚ ਲੋੜੀਂਦੇ ਸਨ। ਪੁਲਿਸ ਨੇ ਕਥਿਤ ਦੋਸ਼ੀਆਂ ਵਿਰੁੱਧ ਕੇਸ ਦਰਜ ਕਰਕੇ ਕਾਰਵਾਈ ਅਰੰਭ ਦਿੱਤੀ ਹੈ ਅਤੇ ਪੁਲਿਸ ਬਾਰੀਕੀ ਨਾਲ ਹੋਰ ਜਾਂਚ ਕਰ ਰਹੀ ਹੈ।