ਹੁਸ਼ਿਆਰਪੁਰ: ਪਿੰਡ ਜੱਲੋਵਾਲ ਵਿੱਚ ਗੁਰੂ ਅਰਜਨ ਦੇਵ ਸਕੂਲ ਦੇ ਪ੍ਰਿੰਸੀਪਲ ਨੇ 12ਵੀਂ ਦੇ ਵਿਦਿਆਰਥੀ ਨੂੰ ਬੇਰਹਿਮੀ ਨਾਲ ਕੁੱਟਿਆ। ਵਿੱਦਿਆਰਥੀ ਦੀ ਹਾਲਤ ਨਾਜ਼ੁਕ ਹੋਣ 'ਤੇ ਉਸ ਨੂੰ ਸਰਕਾਰੀ ਹਸਪਤਾਲ 'ਚ ਭਰਤੀ ਕੀਤਾ।
ਹਸਪਤਾਲ ਵਿੱਚ ਭਰਤੀ ਗੁਰਪ੍ਰੀਤ ਸਿੰਘ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਉਸ ਸਕੂਲ ਵਿੱਚ ਪਿਛਲੇ 6 ਸਾਲ ਤੋਂ ਪੜ੍ਹ ਰਿਹਾ ਹੈ ਪਰ ਮੰਗਲਵਾਰ ਨੂੰ ਜਦੋਂ ਸਕੂਲ ਤੋਂ ਘਰ ਆਇਆ ਤਾਂ ਉਹ ਸਹਿਮਿਆ ਹੋਇਆ ਸੀ ਜਦੋਂ ਉਸ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਪਤਾ ਚੱਲਿਆ ਕਿ ਉਸਦੇ ਸਕੂਲ ਦੇ ਪ੍ਰਿੰਸੀਪਲ ਨੇ ਉਸ ਨੂੰ ਬੇਰਹਿਮੀ ਨਾਲ ਕੁੱਟਿਆ।
ਵਿਦਿਆਰਥੀ ਦੇ ਪਿਤਾ ਨੇ ਦਸਿਆ ਕਿ ਜਦੋਂ ਪ੍ਰਿੰਸੀਪਲ ਨੂੰ ਫੋਨ ਕੀਤਾ ਗਿਆ ਤਾਂ ਉਸ ਨੇ ਕਿਹਾ ਕਿ ਮੈਂ ਜੋ ਕਰਨਾ ਸੀ ਕਰ ਦਿੱਤਾ 'ਤੇ ਹੁਣ ਤੁਸੀਂ ਜੋ ਕਰਨਾ ਉਹ ਤੁਸੀਂ ਕਰ ਲੋ। ਇਹ ਕਹਿ ਕੇ ਫੋਨ ਕੱਟ ਦਿੱਤਾ। ਗੁਰਪ੍ਰੀਤ ਨੇ ਮੀਡੀਆ ਨਾਲ ਗੱਲਬਾਤ ਕਰਦੇ ਦੱਸਿਆ ਕਿ ਜਦੋਂ ਬਸਤੇ ਵਿੱਚੋ ਆਪਣੀ ਕਿਤਾਬ ਕੱਢ ਰਿਹਾ ਸੀ ਕਿ ਪ੍ਰਿੰਸੀਪਲ ਨੇ ਬਿਨ੍ਹਾਂ ਕਿਸੇ ਗੱਲ ਤੋਂ ਉਸ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਜਿਸ ਨਾਲ ਉਸ ਦੇ ਸ਼ਰੀਰ ਤੇ ਲਾਸ਼ਾਂ ਪੈ ਗਈਆਂ ਅਤੇ ਉਸ ਦੀ ਬਾਂਹ ਤੇ ਵੀ ਡੰਡੇ ਮਾਰੇ ਸੀ ਜਿਸ ਨਾਲ ਬਾਂਹ 'ਤੇ ਫ੍ਰੈਕਚਰ ਹੋ ਗਿਆ।
ਦੂਜੇ ਪਾਸੇ ਪ੍ਰਿੰਸੀਪਲ ਨੇ ਕਿਹਾ ਕਿ ਗੁਰਪ੍ਰੀਤ ਬਹੁਤ ਹੀ ਸ਼ਰਾਰਤੀ ਲੜਕਾ ਹੈ ਉਸ ਬਾਰੇ ਉਨ੍ਹਾਂ ਦੇ ਪਰਿਵਾਰ ਨੂੰ ਕਈ ਵਾਰ ਸ਼ਿਕਾਇਤ ਕੀਤੀ ਸੀ ਅਤੇ ਉਸਦੇ ਪਰਿਵਾਰ ਨੇ ਗੁਰਪ੍ਰੀਤ ਨੂੰ ਸੁਧਾਰਨ ਲਈ ਕਿਹਾ ਸੀ ਤੇ ਉਸ ਨੂੰ ਮਾਰਨ ਕੁੱਟਣ ਦੀ ਵੀ ਆਜ਼ਾਦੀ ਦਿੱਤੀ ਸੀ 'ਤੇ ਹੁਣ ਉਹ ਇਸ ਤਰ੍ਹਾਂ ਸ਼ਿਕਾਇਤ ਕਰ ਰਹੇ ਹਨ।
ਪੁਲਿਸ ਨੇ ਮਾਮਲੇ ਤੇ ਜਾਣਕਾਰੀ ਦਿੰਦਿਆਂ ਕਿਹਾ ਕਿ ਗੁਰਪ੍ਰੀਤ ਦੇ ਬਿਆਨ ਦੇ ਅਧਾਰ 'ਤੇ ਕਾਰਵਾਈ ਕੀਤੀ ਜਾਵੇਗੀ।