ਗੁਰਦਾਸਪੁਰ:ਗੁਰਦਾਸਪੁਰ ਤੋਂ ਮੈਂਬਰ ਪਾਰਲੀਮੈਂਟ ਅਤੇ ਫ਼ਿਲਮੀ ਅਦਾਕਾਰ ਸੰਨੀ ਦਿਓਲ ਦੀ ਨਵੀਂ ਫ਼ਿਲਮ ਗ਼ਦਰ-2 ਬਣ ਚੁੱਕੀ ਹੈ, ਜਿਸਦੀ ਸਫ਼ਲਤਾ ਦੀ ਅਰਦਾਸ ਕਰਨ ਲਈ ਉਹ ਅਮ੍ਰਿਤਸਰ ਸ਼੍ਰੀ ਦਰਬਾਰ ਸਾਹਿਬ ਆਏ ਅਤੇ ਭਾਰਤ-ਪਾਕਿਸਤਾਨ ਬਾਰਡਰ ਉੱਤੇ ਜਾ ਕੇ ਵੀ ਗਰਜੇ ਪਰ 30 ਕਿਲੋਮੀਟਰ ਦਾ ਸਫ਼ਰ ਹੋਰ ਤੈਅ ਕਰਕੇ ਉਹਨਾਂ ਨੇ ਆਪਣੇ ਲੋਕ ਸਭਾ ਹਲਕੇ ਗੁਰਦਾਸਪੁਰ ਵਿੱਚ ਪੈਰ ਰੱਖਣਾ ਜ਼ਰੂਰੀ ਨਹੀਂ ਸਮਝਿਆ। ਇਸ ਕਾਰਨ ਸ਼ਹਿਰ ਦੇ ਲੋਕਾਂ ਅਤੇ ਨੌਜਵਾਨਾਂ ਵਿੱਚ ਰੋਹ ਪਾਇਆ ਜਾ ਰਿਹਾ ਹੈ। ਇਸ ਫਿਲਮ ਦਾ ਵਿਰੋਧ ਕੀਤਾ ਜਾ ਰਿਹਾ ਹੈ।
ਗੁਰਦਾਸਪੁਰ 'ਚ ਸੰਨੀ ਦਿਓਲ ਦੀ ਫ਼ਿਲਮ ਦਾ ਵਿਰੋਧ, ਗਦਰ-2 ਦੇ ਪੋਸਟਰਾਂ 'ਤੇ ਕਾਟਾ ਮਾਰ ਕੇ ਕੀਤਾ ਬਾਈਕਾਟ
ਗੁਰਦਾਸਪੁਰ ਦੇ ਵਿੱਚ ਅਦਾਕਾਰ ਸੰਨੀ ਦਿਓਲ ਦੀ ਫਿਲਮ ਗ਼ਦਰ-2 ਦਾ ਨੌਜਵਾਨਾਂ ਨੇ ਵਿਰੋਧ ਕੀਤਾ ਹੈ। ਨੌਜਵਾਨਾਂ ਨੇ ਫਿਲਮ ਦੇ ਪੋਸਟਰਾਂ ਰਾਹੀਂ ਇਸ ਫ਼ਿਲਮ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ।
ਜਾਣਕਾਰੀ ਮੁਤਾਬਿਕ ਨੌਜਵਾਨਾਂ ਨੇ ਸੰਨੀ ਦਿਓਲ ਦੀ ਫ਼ਿਲਮ ਗ਼ਦਰ 2 ਦੇ ਪੋਸਟਰ ਸਾੜੇ ਅਤੇ ਪੰਜਾਬ ਦੇ ਲੋਕਾਂ ਨੂੰ ਫਿਲਮ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ ਹੈ। ਇਸ ਮੌਕੇ ਨੌਜਵਾਨ ਅਮਰਜੋਤ ਸਿੰਘ ਅਤੇ ਅਮ੍ਰਿਤਪਾਲ ਨੇ ਕਿਹਾ ਕਿ ਫਿਲਮੀ ਅਦਾਕਾਰ ਸੰਨੀ ਦਿਓਲ ਲਈ ਰਾਜਨੀਤੀ ਇੱਕ ਅਜਿਹਾ ਪਲੇਟਫਾਰਮ ਸਾਬਿਤ ਹੋ ਸਕਦੀ ਸੀ, ਜਿਸਦੇ ਰਾਹੀਂ ਉਹ ਆਪਣੇ ਆਪ ਨੂੰ ਲੋਕਾਂ ਦਾ ਅਸਲੀ ਹੀਰੋ ਸਾਬਿਤ ਕਰ ਸਕਦੇ ਸਨ ਪਰ ਬਦਕਿਸਮਤੀ ਦੇ ਨਾਲ-ਨਾਲ ਇਹ ਸੰਨੀ ਦਿਓਲ ਦੀ ਆਪਣੀ ਨਾਕਾਮੀ ਵੀ ਹੈ ਕਿ ਜਿਨ੍ਹਾਂ ਲੋਕਾਂ ਨੇ ਸੰਨੀ ਦਿਓਲ ਉੱਤੇ ਵਿਸ਼ਵਾਸ ਕਰਕੇ ਉਹਨਾਂ ਨੂੰ ਵੱਡੀ ਲੀਡ ਨਾਲ ਜਿੱਤ ਦਵਾਈ। ਉਹੀ ਲੋਕ ਸੰਨੀ ਦਿਓਲ ਦਾ ਰਾਹ ਦੇਖ ਰਹੇ ਹਨ। ਇਸੇ ਲਈ ਇਸ ਫਿਲਮ ਦਾ ਵਿਰੋਧ ਕੀਤਾ ਜਾ ਰਿਹਾ ਹੈ।
ਅਮਰਜੋਤ ਸਿੰਘ ਨੇ ਕਿਹਾ ਕਿ ਸੰਨੀ ਦਿਓਲ ਦੀ ਗੁੰਮਸ਼ੁਦਗੀ ਦੇ ਪੋਸਟਰ ਲਗਾ ਕੇ ਉਨ੍ਹਾਂ ਨੇ ਕੁਝ ਸਮੇਂ ਪਹਿਲਾਂ ਸੰਨੀ ਦਿਓਲ ਨੂੰ ਉਹਨਾਂ ਦੇ ਹਲਕੇ ਦੇ ਲੋਕਾਂ ਦੇ ਉਹਨਾਂ ਪ੍ਰਤੀ ਵੱਧ ਰਹੇ ਗੁੱਸੇ ਦਾ ਅਹਿਸਾਸ ਕਰਾਉਣ ਦੀ ਕੋਸ਼ਿਸ਼ ਕੀਤੀ ਪਰ ਸੰਨੀ ਦਿਓਲ ਉੱਤੇ ਕੋਈ ਅਸਰ ਨਹੀ ਹੋਇਆ। ਉਨਾਂ ਵੱਲੋਂ ਗੁਰਦਾਸਪੁਰ ਦੇ ਵਿੱਚ ਸਨੀ ਦਿਓਲ ਦੀ ਫਿਲਮ ਗ਼ਦਰ 2 ਦਾ ਜੰਮ ਕੇ ਵਿਰੋਧ ਕੀਤਾ ਹੈ ਅਤੇ ਸ਼ਹਿਰ ਅੰਦਰ ਫਿਲਮ ਗਦਰ 2 ਬਾਈਕਾਟ ਦੇ ਪੋਸਟਰ ਲਗਾਏ ਹਨ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਸੰਨੀ ਦਿਓਲ ਦੀ ਮੈਂਬਰਸ਼ਿਪ ਵੀ ਖਤਮ ਕੀਤੀ ਜਾਵੇ।