ਗੁਰਦਾਸਪੁਰ : ਪੰਜਾਬ ਪੁਲਿਸ ਕਿਸੇ ਨਾ ਕਿਸੇ ਮਾਮਲੇ ਨੂੰ ਲੈ ਕੇ ਹਮੇਸ਼ਾ ਹੀ ਸੁਰਖੀਆਂ ਵਿੱਚ ਰਹਿੰਦੀ ਹੈ। ਇਸ ਵਾਰ ਮਾਮਲਾ ਗੁਰਦਾਸਪੁਰ ਦਾ ਹੈ ਜਿੱਥੇ ਕੁੱਝ ਦਿਨ ਪਹਿਲਾਂ ਪੁਲਿਸ ਨੇ ਇੱਕ ਕੁੜੀ ਦੇ ਅਗਵਾ ਹੋਣ ਦਾ ਮਾਮਲਾ ਦਰਜ ਕੀਤਾ ਸੀ। ਇਸ ਮਾਮਲੇ ਨਾਲ ਸਬੰਧਿਤ ਇੱਕ ਨੌਜਵਾਨ ਨੇ ਪੁਲਿਸ 'ਤੇ ਇਲਜ਼ਾਮ ਲਗਾਇਆ ਹੈ ਕਿ ਉਸ ਨੂੰ ਪੁਲਿਸ ਨੇ ਪੁੱਛਗਿੱਛ ਲਈ ਬੁਲਾ ਕੇ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਨੌਜਵਾਨ ਦਾ ਇਲਜ਼ਾਮ ਹੈ ਕਿ ਕੁੜੀ ਦੇ ਪਰਿਵਾਰ ਵਾਲਿਆਂ ਦੇ ਕਹਿਣ 'ਤੇ ਹੀ ਪੁਲਿਸ ਨੇ ਮੇਰੇ ਨਾਲ ਕੁੱਟਮਾਰ ਕੀਤੀ ਹੈ।
ਨੌਜਵਾਨ ਦੀ ਭੈਣ ਸਰਬਜੀਤ ਨੇ ਦੱਸਿਆ ਕਿ ਜੋ ਕੁੜੀ ਘਰ ਤੋਂ ਲਾਪਤਾ ਹੋਈ ਹੈ ਉਸ ਦੇ ਪਿਤਾ ਨਾਲ ਹੀ ਉਸ ਦਾ ਭਰਾ ਰਾਜਾ ਸ਼੍ਰੀਨਗਰ ਵਿਚ ਕੰਮ ਕਰਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਕੁੜੀ ਦੇ ਪਿਤਾ ਨੇ ਹੀ ਉਸ ਨੂੰ ਪੈਸੇ ਲੈਣ ਲਈ ਗੁਰਦਾਸਪੁਰ ਕੁੜੀ ਦੇ ਘਰ ਭੇਜਿਆ ਸੀ ਅਤੇ ਜਿਸ ਦਿਨ ਉਸ ਦੇ ਭਰਾ ਨੇ ਵਾਪਿਸ ਸ਼੍ਰੀਨਗਰ ਜਾਣਾ ਸੀ ਉਸ ਦਿਨ ਹੀ ਉਨ੍ਹਾਂ ਦੀ ਕੁੜੀ ਘਰ ਤੋਂ ਲਾਪਤਾ ਹੋ ਗਈ ਅਤੇ ਕੁੜੀ ਦੇ ਪਿਤਾ ਨੇ ਉਸ ਦੇ ਭਰਾ 'ਤੇ ਦੋਸ਼ ਲੱਗਾ ਦਿੱਤਾ।