ਗੁਰਦਾਸਪੁਰ: ਮਜ਼ਬੂਰ ਮਹਿਲਾ ਨੇ ਦੱਸਿਆ ਕਿ ਉਹ ਐਮ. ਸੀ. ਏ MCA ਦੀ ਪੜ੍ਹਾਈ ਪੂਰੀ ਕਰ ਚੁੱਕੀ ਹੈ ਪਰ ਉਸਨੂੰ ਅਜੇ ਤੱਕ ਰੁਜਗਾਰ ਨਹੀਂ ਮਿਲਿਆ ਹੈ। ਰਜਨੀ ਨੇ ਦੱਸਿਆ ਕਿ ਨਜ਼ਰ ਗੁਆ ਚੁੱਕੇ ਬਜ਼ੁਰਗ ਸਹੁਰੇ ਅਤੇ ਸੱਸ ਤੋਂ ਇਲਾਵਾ 8 ਸਾਲਾ ਬੱਚੇ ਦੀ ਸਿਰ ‘ਤੇ ਜਿੰਮੇਵਾਰੀ ਆ ਪਈ ਸੀ ਇਸ ਲਈ ਉਸ ਨੇ ਰਸੋਈ ਕਲਾ ਦੇ ਹੁਨਰ ਨੂੰ ਹੀ ਰੁਜਗਾਰ ਬਣਾ ਲਿਆ।
ਉਨ੍ਹਾਂ ਦੱਸਿਆ ਕਿ ਇਸ ਵਿੱਚ ਸਾਥ ਦਿੱਤਾ ਉਸਦੀ ਭਰਜਾਈ ਮਹਿਕ ਨੇ ਜੋ ਤੜਕਸਾਰ ਆ ਕੇ ਭੋਜਨ ਬਣਾਉਣ ਵਿਚ ਉਸਦਾ ਹੱਥ ਵੰਡਾਉਂਦੀ ਹੈ ਅਤੇ ਉਸ ਦਾ ਭਰਾ ਜੋ ਖੁਦ ਇਕ ਨਿੱਜੀ ਹਸਪਤਾਲ ਵਿੱਚ ਨੌਕਰੀ ਕਰਦਾ ਹੈ ਅਤੇ ਆਪਣੀ ਕਾਰ ਵਿਚ ਰਜਨੀ ਦੇ ਬਣਾਏ ਰਾਜਮਾ ਚਾਵਲ ਅਤੇ ਹੋਰ ਜ਼ਰੂਰੀ ਸਮਾਨ ਲੱਦ ਕੇ ਰਜਨੀ ਨੂੰ ਗੁਰਦਾਸਪੁਰ ਲਿਆਉਂਦਾ ਹੈ ਜਿੱਥੇ ਉਹ ਕਾਰ ਦੀ ਡਿੱਗੀ ਖੋਲ੍ਹ ਕੇ ਆਪਣੀ ਦੁਕਾਨ ਦਾ ਲੈਂਦੀ ਹੈ ਅਤੇ ਸਿਖਰ ਦੁਪਹਿਰੇ ਆਪਣਾ ਬਣਾਇਆ ਭੋਜਨ ਗ੍ਰਾਹਕਾਂ ਨੂੰ 30 ਰੁਪਏ ਪ੍ਰਤੀ ਥਾਲੀ ਦੇ ਹਿਸਾਬ ਨਾਲ ਵੇਚਦੀ ਹੈ।
ਰਜਨੀ ਅਨੁਸਾਰ ਭੋਜਨ ਵੇਚ ਕੇ ਉਹ 200 ਤੋਂ 300 ਰੁਪਏ ਰੋਜ਼ ਕਮਾ ਲੈਂਦੀ ਹੈ ਜਿਸ ਨਾਲ ਬਜ਼ੁਰਗ ਸੱਸ-ਸਹੁਰੇ ਅਤੇ ਉਸਦੀਆਂ ਆਪਣੀਆਂ ਦਵਾਈਆਂ ਤੋਂ ਇਲਾਵਾ ਘਰ ਵੀ ਚਲਾ ਰਹੀ ਹੈ। ਰਜਨੀ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਸੱਸ ਸਹੁਰੇ ਨੇ ਉਸ ਨੂੰ ਅਪਣੀਆਂ ਧੀਆਂ ਵਾਂਗ ਰੱਖਿਆ ਹੈ ਇਸ ਲਈ ਉਹਨਾਂ ਦੀ ਸੇਵਾ ਕਰਕੇ ਹੀ ਉਹ ਆਪਣਾ ਫਰਜ਼ ਨਿਭਾ ਰਹੀ ਹੈ।