ਗੁਰਦਾਸਪੁਰ: ਕਸਬਾ ਕਾਦੀਆਂ ਦੇ ਪਿੰਡ ਡੱਲਾਂ ਵਿਖੇ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਦੋ ਮਹੀਨੇ ਪਹਿਲਾਂ ਹੋਈ ਨੌਜਵਾਨ ਦੀ ਮੌਤ ਤੋਂ ਬਾਅਦ ਸ਼ਮਸ਼ਾਨਘਾਟ ਵਿੱਚ ਜਾ ਕੇ ਕੁੱਝ ਲੋਕਾਂ ਵੱਲੋਂ ਉਸ ਦੀ ਕਬਰ ਪੁੱਟੀ ਗਈ। ਇਸ ਦੇ ਨਾਲ ਹੀ ਕਬਰ ਦੇ ਨੇੜੇ ਇੱਕ ਲਿਫ਼ਾਫ਼ਾ ਵੀ ਮਿਲਿਆ ਜਿਸ ਵਿੱਚ ਖੂਨ ਪਿਆ ਹੋਇਆ ਸੀ।
ਅਗਿਆਤ ਲੋਕਾਂ ਨੇ ਦੋ ਮਹੀਨੇ ਪਹਿਲਾਂ ਮਰੇ ਨੌਜਵਾਨ ਦੀ ਪੁੱਟੀ ਕਬਰ ਮੌਕੇ 'ਤੇ ਪੁੱਜੇ ਮ੍ਰਿਤਕ ਨੌਜਵਾਨ ਅਜੇ ਦੇ ਪਿਤਾ ਜਸਪਾਲ ਮਸੀਹ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਦੀ ਮੌਤ ਦੀ ਦੋ ਮਹੀਨੇ ਪਹਿਲਾਂ ਕਿਸੇ ਬਿਮਾਰੀ ਕਾਰਨ ਹੋ ਗਈ ਸੀ। ਅਜੇ ਦੀ ਮੌਤ ਮਗਰੋਂ ਉਸ ਦੇ ਸਰੀਰ ਨੂੰ ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਦਫ਼ਨਾ ਦਿੱਤਾ ਗਿਆ ਸੀ। ਪਰ ਬੀਤੀ ਰਾਤ ਕੁੱਝ ਵਿਅਕਤੀਆਂ ਵੱਲੋਂ ਉਨ੍ਹਾਂ ਦੇ ਪੁੱਤਰ ਦੀ ਕਬਰ ਨੂੰ ਪੁੱਟਿਆ ਗਿਆ ਜਿਸਦੀ ਸੂਚਨਾ ਸਵੇਰੇ ਉਨ੍ਹਾਂ ਨੂੰ ਪਿੰਡ ਦੇ ਕਿਸੇ ਵਿਅਕਤੀ ਨੇ ਦਿੱਤੀ।
ਕਬਰ ਲਾਗੇ ਇੱਕ ਲਿਫ਼ਾਫ਼ੇ ਵਿੱਚ ਖੂਨ ਪਿਆ ਹੋਇਆ ਸੀ ਜਿਸਤੋਂ ਉਨ੍ਹਾਂ ਨੂੰ ਸ਼ੱਕ ਹੈ ਕਿ ਮ੍ਰਿਤਕ ਦੀ ਕਬਰ ਨਾਲ ਛੇੜਛਾੜ ਕੀਤੀ ਗਈ ਹੈ। ਇਸ ਲਈ ਉਨ੍ਹਾਂ ਦੀ ਮੰਗ ਹੈ ਕਿ ਕਬਰ ਨੂੰ ਪੁੱਟ ਕੇ ਦੇਖਿਆ ਜਾਵੇ ਕਿ ਕਿਤੇ ਮ੍ਰਿਤਕ ਦੀ ਲਾਸ਼ ਵਿੱਚੋਂ ਗ਼ਾਇਬ ਤਾਂ ਨਹੀਂ ਹੈ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਦੂਜੇ ਪਾਸੇ ਕਾਦੀਆਂ ਪੁਲਿਸ ਦੇ ਏ.ਐਸ.ਆਈ. ਸੁਰਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਤੇ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਕਰਕੇ ਉਕਤ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਐਸਡੀਐਮ ਬਟਾਲਾ ਕੋਲੋਂ ਕਬਰ ਪੁੱਟਣ ਦੀ ਮਨਜ਼ੂਰੀ ਲੈਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।