ਹਾਦਸੇ ਦੀ ਜਾਣਕਾਰੀ ਦਿੰਦੇ ਲੋਕ ਗੁਰਦਾਸਪੁਰ:ਮੁਕੇਰੀਆਂ ਜੀ.ਟੀ.ਰੋਡ 'ਤੇ ਪਿੰਡ ਚਾਵਾ ਨੇੜੇ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਦੇਰ ਰਾਤ ਇੱਕ ਬੇਕਾਬੂ ਟਿੱਪਰ ਸੜਕ ਕਿਨਾਰੇ ਰੇਹੜੀਆਂ ਨੂੰ ਦਰੜਦਾ ਹੋਇਆ ਬਿਜਲੀ ਦੇ ਖੰਭੇ ਨੂੰ ਤੋੜਦਾ ਹੋਇਆ ਦੋ ਦੁਕਾਨਾਂ ਵਿੱਚ ਜਾ ਵੱਜਿਆ। ਟਰੱਕ ਕਿੰਨੀ ਤੇਜ ਹੋਵੇਗਾ ਇਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਦੀ ਲਪੇਟ ਵਿੱਚ ਆਈਆਂ ਦੋ ਪੱਕੀਆਂ ਸੀਮੇਂਟ ਦੀਆਂ ਬਣੀਆਂ ਦੁਕਾਨਾਂ ਵੀ ਬੁਰੀ ਤਰ੍ਹਾਂ ਨਾਲ ਟੁੱਟ ਗਈਆਂ ਹਨ।
ਦੋ ਲੋਕਾਂ ਦੀ ਮੌਤ ਕਈ ਜ਼ਖ਼ਮੀ: ਇਸ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਜਦਕਿ ਚਾਰ ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਣ ਦੀ ਖਬਰ ਸਾਹਮਣੇ ਆਈ ਹੈ। ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ ਹੈ, ਜਿਹਨਾਂ ਵਿਚੋਂ ਇੱਕ ਦੀ ਗੰਭੀਰ ਹਾਲਤ ਦੇਖਦਿਆਂ ਡਾਕਟਰਾਂ ਨੇ ਉਸਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਹੈ। ਉੱਥੇ ਹੀ ਮੌਕੇ 'ਤੇ ਪੁਲਿਸ ਨੇ ਪਹੁੰਚ ਕੇ ਰੋਡ ਦੀ ਟ੍ਰੈਫਿਕ ਚਾਲੂ ਕਰਵਾਈ ਅਤੇ ਟਿੱਪਰ ਨੂੰ ਕਬਜ਼ੇ ਵਿੱਚ ਲੈ ਲਿਆ ਹੈ।
ਬੇਕਾਬੂ ਟਿੱਪਰ ਨੇ ਤੋੜੀਆਂ ਦੁਕਾਨਾਂ: ਇਸ ਮੌਕੇ 'ਤੇ ਮੌਜੂਦ ਲੋਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ ਦੇਰ ਰਾਤ ਗੁਰਦਾਸਪੁਰ ਤੋਂ ਮੁਕੇਰੀਆਂ ਨੂੰ ਜਾ ਰਿਹਾ ਵੱਡਾ ਟਿੱਪਰ ਪਿੰਡ ਚਾਵਾ ਨੇੜੇ ਪਹੁੰਚਣ 'ਤੇ ਬੇਕਾਬੂ ਹੋ ਗਿਆ। ਜਿਸ ਤੋਂ ਬਾਅਦ ਸੜਕ ਕਿਨਾਰੇ ਦੋ ਰੇਹੜੀ ਵਾਲਿਆਂ ਨੂੰ ਲਪੇਟ ਵਿੱਚ ਲੈ ਲਿਆ। ਫਿਰ ਬਿਜਲੀ ਦਾ ਖੰਭਾ ਤੋੜਦਾ ਹੋਇਆ ਦੋ ਦੁਕਾਨਾਂ ਵਿੱਚ ਜਾ ਵੱਜਿਆ। ਦੁਕਾਨਾਂ ਦਾ ਤਾਂ ਪੂਰੀ ਤਰ੍ਹਾਂ ਨਾਲ ਨੁਕਸਾਨ ਹੋਇਆ ਨਾਲ ਹੀ ਦੋ ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਚਾਰ ਲੋਕ ਜ਼ਖਮੀ ਹੋ ਗਏ ਹਨ। ਜਿੰਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ। ਜਿੱਥੋਂ ਇੱਕ ਮਰੀਜ਼ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਹੈ।
ਨਸ਼ੇ 'ਚ ਧੁੱਤ ਸੀ ਟਿੱਪਰ ਚਾਲਕ: ਮ੍ਰਿਤਕਾਂ ਦੀ ਪਛਾਣ ਅਜੈ ਕੁਮਾਰ ਵਾਸੀ ਨੰਗਲ ਅਤੇ ਕਿਰਨ ਦਾਸ ਪਰਵਾਸੀ ਬਿਹਾਰੀ ਵਜੋਂ ਹੋਈ ਹੈ ਜੋ ਕਰਾਕਰੀ ਦੇ ਸਾਮਾਨ ਦੀ ਰੇਹੜੀ ਲੱਗਾਉਂਦਾ ਸੀ। ਦੱਸਿਆ ਜਾ ਰਿਹਾ ਹੈ ਕਿ ਟਿੱਪਰ ਚਾਲਕ ਨਸ਼ੇ ਦੀ ਹਾਲਤ 'ਚ ਸੀ। ਜਿਸ ਨੂੰ ਲੋਕਾਂ ਨੇ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ ਹੈ। ਉੱਥੇ ਹੀ ਨੁਕਸਾਨੀ ਗਈ ਦੁਕਾਨ ਦੇ ਮਾਲਕ ਗੋਪਾਲ ਦਾਸ ਨੇ ਦੱਸਿਆ ਕਿ ਟਰੱਕ ਨੇ ਉਸ ਦੀ ਦੁਕਾਨ ਪੂਰੀ ਤਰ੍ਹਾਂ ਨਾਲ ਤੋੜ ਦਿੱਤੀ ਹੈ ਅਤੇ ਉਸਦਾ ਲੱਖਾਂ ਦਾ ਨੁਕਸਾਨ ਹੋ ਗਿਆ ਹੈ। ਉਸ ਨੇ ਦੱਸਿਆ ਕੀ ਬੜੀ ਮੁਸ਼ਕਿਲ ਨਾਲ ਮਿਹਨਤ ਕਰਕੇ ਉਸ ਨੇ ਇਹ ਦੁਕਾਨ ਖੜੀ ਕੀਤੀ ਸੀ, ਜਿਸ ਨਾਲ ਉਸਦੇ ਪਰਿਵਾਰ ਦਾ ਗੁਜ਼ਾਰਾ ਚੱਲਦਾ ਹੈ। ਉਸ ਨੇ ਪੁਲਿਸ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਹੈ ਕਿ ਟਿੱਪਰ ਦੇ ਮਾਲਕ ਕੋਲੋਂ ਉਸ ਨੂੰ ਮੁਆਵਜ਼ਾ ਦਿਵਾਇਆ ਜਾਵੇ ਤਾਂ ਜੋ ਉਹ ਮੁੜ ਤੋਂ ਆਪਣੀ ਦੁਕਾਨ ਖੜੀ ਕਰ ਸਕੇ।
ਪ੍ਰਸ਼ਾਸਨਿਕ ਕਾਰਵਾਈ ਕੀਤੀ ਸ਼ੁਰੂ: ਉਥੇ ਹੀ ਮੌਕੇ 'ਤੇ ਪਹੁੰਚੇ ਐਸਡੀਐਮ ਅਮਨਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇਕ ਟਿੱਪਰ ਨੇ ਕਈ ਲੋਕਾਂ ਨੂੰ ਕੁਚਲ ਦਿੱਤਾ ਹੈ। ਜਿਸ 'ਚ ਮੌਕੇ 'ਤੇ ਪਹੁੰਚ ਕੇ ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ ਅਤੇ ਦੋ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਹੋਰ ਜ਼ਖ਼ਮੀ ਵੀ ਹਨ। ਫਿਲਹਾਲ ਟਰੱਕ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਹੈ ਅਤੇ ਟਰੱਕ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।