ਗੁਰਦਾਸਪੁਰ: ਬਸੰਤ ਪੰਚਮੀ ਦਾ ਤਿਉਹਾਰ ਪੁਰੇ ਦੇਸ਼ ਵਿੱਚ ਪੂਰੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਪਰ ਬਟਾਲਾ ਵਿੱਚ ਇਸ ਤਿਉਹਾਰ ਦੇ ਕੁੱਝ ਵੱਖਰੇ ਹੀ ਮਾਇਨੇ ਹਨ। ਬਟਾਲਾ 'ਚ ਇਸ ਤਿਉਹਾਰ ਨੂੰ ਸ਼ਹੀਦ ਵੀਰ ਹਕੀਕਤ ਰਾਏ ਦੀ ਸ਼ਹਾਦਤ ਨਾਲ ਜੋੜਿਆ ਜਾਂਦਾ ਹੈ। ਹਰ ਸਾਲ ਦੈਨਿਕ ਪ੍ਰਾਰਥਨਾ ਸਭਾ ਬਟਾਲਾ ਵੱਲੋਂ ਇਹ ਸਮਾਗਮ ਕਰਵਾਇਆ ਜਾਂਦਾ ਹੈ।
ਦੱਸ ਦਈਏ ਕਿ ਵੀਰ ਹਕੀਕਤ ਰਾਏ ਦਾ ਜਨਮ 1720 ਵਿੱਚ ਪਾਕਿਸਤਾਨ ਦੇ ਸਿਆਲਕੋਟ 'ਚ ਲਾਲਾ ਭਾਗਮਲ ਪੁਰੀ ਦੇ ਘਰ ਹੋਇਆ ਸੀ। ਉਨ੍ਹਾਂ ਦਾ ਵਿਆਹ ਬਟਾਲਾ ਦੇ ਕਿਸ਼ਨ ਸਿੰਘ ਉੱਪਲ ਦੀ ਧੀ ਲਕਸ਼ਮੀ ਦੇਵੀ ਨਾਲ 12 ਸਾਲ ਦੀ ਉਮਰ ਵਿੱਚ ਕਰ ਦਿੱਤਾ ਸੀ।
ਦੈਨਿਕ ਪ੍ਰਾਰਥਨਾ ਸਭਾ ਦੇ ਪ੍ਰਧਾਨ ਮਹਾਸ਼ਾ ਗੋਕੁਲ ਨੇ ਕਿਹਾ ਕਿ ਬਸੰਤ ਦਾ ਤਿਉਹਾਰ ਸ਼ਹੀਦ ਵੀਰ ਹਕੀਕਤ ਰਾਏ ਦੀ ਯਾਦ 'ਚ ਮਨਾਇਆ ਜਾਂਦਾ ਹੈ। ਇਸ ਸਮਾਗਮ 'ਚ ਸਮਾਜ ਨੂੰ ਜਾਗਰੂਕ ਕਰਨ ਲਈ ਵੱਖ-ਵੱਖ ਸਕੂਲਾਂ ਤੋਂ ਬੱਚੇ ਆ ਕੇ ਦੇਸ਼ ਭਗਤੀ ਦੀ ਪੇਸ਼ਕਾਰੀ ਪੇਸ਼ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਸਮਾਗਮ ਕਰਵਾਉਣ ਦਾ ਮਕਸਦ ਆਉਣ ਵਾਲੀ ਪੀੜ੍ਹੀ ਨੂੰ ਸ਼ਹੀਦ ਵੀਰ ਹਕੀਕਤ ਰਾਏ ਬਾਰੇ ਜਾਣੂ ਕਰਵਾਉਣਾ ਹੈ।