ਗੁਰਦਾਸਪੁਰ: ਜ਼ਿਲ੍ਹੇ ਦੇ ਪਿੰਡ ਬਬਰੀ 'ਚ ਦੋ ਧਿਰਾਂ ਵਿਚਕਾਰ ਹੋਈ ਮਾਮੂਲੀ ਤਕਰਾਰ ਐਨੀ ਵੱਧ ਗਈ ਕਿ ਇੱਕ ਧਿਰ ਦੇ ਤਿੰਨ ਜੀਆਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ 'ਚ ਦਾਖ਼ਲ ਕਰਵਾਉਣਾ ਪਿਆ। ਇਸ ਮਾਮਲੇ 'ਚ ਪੁਲਿਸ 'ਤੇ ਸਮੇਂ ਸਿਰ ਕਾਰਵਾਈ ਨਾ ਕਰਨ ਦੇ ਇਲਜ਼ਾਮ ਵੀ ਜ਼ਖਮੀ ਧਿਰ ਵੱਲੋਂ ਲਗਾਏ ਗਏ ਹਨ।
ਗੁਆਂਢੀਆਂ ਨਾਲ ਹੋਈ ਤਕਰਾਰ 'ਚ ਪਰਿਵਾਰ ਦੇ ਤਿੰਨ ਜੀਅ ਹੋਏ ਜ਼ਖਮੀ - ਥਾਣਾ ਤਿੱਬੜ
ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਬਬਰੀ ਵਿੱਚ ਦੋ ਧਿਰਾਂ ਵਿੱਚਕਾਰ ਹੋਈ ਮਾਮੂਲੀ ਤਰਕਾਰ ਨੇ ਗੰਭੀਰ ਰੂਪ ਧਾਰ ਲਿਆ। ਇਸ ਘਟਨਾ ਵਿੱਚ ਇੱਕ ਧਿਰ ਦੇ ਤਿੰਨ ਜੀਆਂ ਨੂੰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਉਣਾ ਪਿਆ।

ਸਿਵਲ ਹਸਪਤਾਲ ਗੁਰਦਾਸਪੁਰ 'ਚ ਜ਼ੇਰ-ਏ-ਇਲਾਜ ਜੈਕਬ ਮਸੀਹ ਅਤੇ ਉਸ ਦੀ ਪਤਨੀ ਨੇ ਦੱਸਿਆ ਕਿ ਬੀਤੇ ਦੋ ਦਿਨ ਪਹਿਲਾਂ ਉਨ੍ਹਾਂ ਦੇ ਘਰ ਦੇ ਬਾਹਰ ਗੁਆਂਢੀਆਂ ਦਾ ਮੁੰਡਾ ਸ਼ਰਾਬ ਦੇ ਨਸ਼ੇ 'ਚ ਲਲਕਾਰੇ ਮਾਰ ਰਿਹਾ ਸੀ। ਜਦੋਂ ਉਸ ਦੇ ਬੇਟੇ ਨੇ ਸ਼ਰਾਬੀ ਲੜਕੇ ਨੂੰ ਰੋਕਿਆ ਤਾਂ ਗੁਆਂਢੀਆਂ ਦੇ ਪੂਰੇ ਪਰਿਵਾਰ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਇਸ ਹਮਲੇ ਦੇ ਵਿੱਚ ਜੈਕਬ ਮਸੀਹ ਉਸ ਦੀ ਪਤਨੀ ਅਤੇ ਬੇਟਾ ਜ਼ਖਮੀ ਹੋ ਗਏ ਅਤੇ ਜ਼ਖਮੀ ਹਾਲਤ ਵਿੱਚ ਪਿੰਡ ਵਸੀਆਂ ਨੇ ਉਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ। ਉੱਥੇ ਹੀ ਦੋਵੇਂ ਪਤੀ ਪਤਨੀ ਨੇ ਪੁਲਿਸ 'ਤੇ ਇਸ ਮਾਮਲੇ ਵਿੱਚ ਢਿੱਲੀ ਕਾਰਵਾਈ ਕਰਨ ਦੇ ਇਲਜ਼ਾਮ ਲਗਾਏ ਹਨ।
ਦੂਜੇ ਬੰਨ੍ਹੇ ਥਾਣਾ ਤਿੱਬੜ ਦੇ ਇੰਚਾਰਜ ਕੁਲਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਿਵਲ ਹਸਪਤਾਲ ਤੋਂ ਮੈਡੀਕਲ ਰਿਪੋਰਟ ਮਿਲੀ ਸੀ। ਇਸ 'ਤੇ ਕਾਰਵਾਈ ਕਰਦੇ ਹੋਏ ਉਨ੍ਹਾਂ ਦੀ ਪੁਲਿਸ ਪਾਰਟੀ ਨੇ ਜ਼ਖਮੀਆਂ ਦੇ ਬਿਆਨ ਲੈ ਲਏ ਹਨ। ਜ਼ਖਮੀਆਂ ਦੇ ਬਿਆਨਾਂ ਦੇ ਅਧਾਰ 'ਤੇ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।